Sports News : ਸਾਬਕਾ ਭਾਰਤੀ ਕ੍ਰਿਕਟਰ ਸੌਰਵ ਗਾਂਗੁਲੀ ਬੀਤੇ ਦਿਨ ਇੱਕ ਸੜਕ ਹਾਦਸੇ ਵਿੱਚ ਵਾਲ-ਵਾਲ ਬਚ ਗਏ। ਦੁਰਗਾਪੁਰ ਐਕਸਪ੍ਰੈਸ ਵੇਅ ‘ਤੇ ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਹਾਲਾਂਕਿ ਸਾਬਕਾ ਕ੍ਰਿਕਟਰ ਨੂੰ ਕੋਈ ਸੱਟ ਨਹੀਂ ਲੱਗੀ। ਸੌਰਵ ਗਾਂਗੁਲੀ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਬਰਦਵਾਨ ਜਾ ਰਹੇ ਸਨ। ਦੁਰਗਾਪੁਰ ਐਕਸਪ੍ਰੈਸਵੇਅ ‘ਤੇ ਦੰਦਾਨਪੁਰ ਨੇੜੇ ਅਚਾਨਕ ਉਨ੍ਹਾਂ ਦੇ ਕਾਫਲੇ ਦੇ ਸਾਹਮਣੇ ਇਕ ਟਰੱਕ ਆਉਂਦਾ ਦਿਖਾਈ ਦਿੱਤਾ। ਉਨ੍ਹਾਂ ਦੇ ਡਰਾਈਵਰ ਨੂੰ ਅਚਾਨਕ ਬ੍ਰੇਕ ਲਗਾਉਣੀ ਪਈ।
ਇਸ ਕਾਰਨ ਪਿੱਛੇ ਆ ਰਹੀਆਂ ਗੱਡੀਆਂ ਆਪਸ ਵਿੱਚ ਟਕਰਾ ਗਈਆਂ। ਇਨ੍ਹਾਂ ‘ਚੋਂ ਇਕ ਵਾਹਨ ਸੌਰਵ ਗਾਂਗੁਲੀ ਦੀ ਕਾਰ ਨਾਲ ਟਕਰਾ ਗਿਆ। ਇਸ ਹਾਦਸੇ ‘ਚ ਸੌਰਵ ਗਾਂਗੁਲੀ ਅਤੇ ਉਨ੍ਹਾਂ ਦੇ ਕਾਫ਼ਲੇ ‘ਚ ਕੋਈ ਜ਼ਖ਼ਮੀ ਨਹੀਂ ਹੋਇਆ ਪਰ ਉਨ੍ਹਾਂ ਨੂੰ ਕਰੀਬ 10 ਮਿੰਟ ਤੱਕ ਸੜਕ ‘ਤੇ ਹੀ ਰਹਿਣਾ ਪਿਆ। ਦਰਅਸਲ, ਉਨ੍ਹਾਂ ਦੇ ਕਾਫ਼ਲੇ ਦੀਆਂ ਦੋ ਗੱਡੀਆਂ ਨੂੰ ਮਾਮੂਲੀ ਨੁਕਸਾਨ ਪਹੁੰਚਿਆ। ਹਾਦਸੇ ਵਾਲੀ ਥਾਂ ‘ਤੇ ਕੁਝ ਸਮਾਂ ਰੁਕਣ ਤੋਂ ਬਾਅਦ ਉਹ ਆਪਣੇ ਤੈਅ ਪ੍ਰੋਗਰਾਮ ਲਈ ਰਵਾਨਾ ਹੋਏ। ਉਨ੍ਹਾਂ ਬਰਦਵਾਨ ਯੂਨੀਵਰਸਿਟੀ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਹਿੱਸਾ ਲਿਆ।