ਕਰਨਾਲ: ਅਰੁਣਾਚਲ ਪ੍ਰਦੇਸ਼ ‘ਚ ਚੀਨ ਸਰਹੱਦ ‘ਤੇ ਤਾਇਨਾਤ ਆਈ.ਟੀ.ਬੀ.ਪੀ. ਦੇ ਜਵਾਨ ਕ੍ਰਿਸ਼ਨ ਲਾਲ (Jawan Krishna Lal) ਦੀ ਡਿਊਟੀ ਦੌਰਾਨ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਅੱਜ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਕਰਨਾਲ ਦੇ ਜੱਦੀ ਪਿੰਡ ਮੂਨਕ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ।
ਜਵਾਨ ਕ੍ਰਿਸ਼ਨ ਲਾਲ ਦੀ ਅੰਤਿਮ ਯਾਤਰਾ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਅਤੇ ਪੂਰਾ ਇਲਾਕਾ ਭਾਰਤ ਮਾਤਾ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਸੰਧਵਾਂ ਤੋਂ ਭਾਜਪਾ ਵਿਧਾਇਕ ਯੋਗਿੰਦਰ ਸਿੰਘ ਰਾਣਾ ਨੇ ਵੀ ਸ਼ਹੀਦ ਕ੍ਰਿਸ਼ਨ ਲਾਲ ਦੇ ਅੰਤਿਮ ਸਸਕਾਰ ‘ਚ ਸ਼ਿਰਕਤ ਕੀਤੀ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।
ਸ਼ਹੀਦ ਕ੍ਰਿਸ਼ਨ ਦੇ ਪਿਤਾ ਰਾਮ ਸਿੰਘ ਨੇ ਕਿਹਾ ਕਿ ਮੇਰੇ ਪੁੱਤਰ ਨੇ ਦੇਸ਼ ਦੀ ਸੇਵਾ ਕੀਤੀ, ਇਸ ਲਈ ਮੈਨੂੰ ਵੀ ਆਪਣੇ ਪੁੱਤਰ ‘ਤੇ ਮਾਣ ਹੈ। ਅਕਸਰ ਉਹ ਮੈਨੂੰ ਲੱਦਾਖ ਦੀਆਂ ਕਹਾਣੀਆਂ ਸੁਣਾਉਂਦਾ ਅਤੇ ਖੁਸ਼ੀ-ਗ਼ਮੀ ਦੀਆਂ ਗੱਲਾਂ ਕਰਦਾ। ਪਿਤਾ ਨੇ ਦੱਸਿਆ ਕਿ ਚੰਬਾ ‘ਚ ਡਿਊਟੀ ਦੌਰਾਨ ਵੀ ਕ੍ਰਿਸ਼ਨ ਨੇ ਮੈਨੂੰ ਆਪਣੇ ਕੋਲ ਬੁਲਾਇਆ ਸੀ।
ਇਸ ਦੌਰਾਨ ਭਾਜਪਾ ਵਿਧਾਇਕ ਯੋਗਿੰਦਰ ਸਿੰਘ ਰਾਣਾ ਨੇ ਕਿਹਾ ਕਿ ਅਜਿਹੇ ਸ਼ਹੀਦ ਜਵਾਨਾਂ ਦੀ ਬਦੌਲਤ ਹੀ ਅੱਜ ਅਸੀਂ ਖੁੱਲ੍ਹੀ ਹਵਾ ਵਿੱਚ ਸਾਹ ਲੈ ਰਹੇ ਹਾਂ। ਆਈ.ਟੀ.ਬੀ.ਪੀ. ਦੇ ਜਵਾਨ ਜਤਨ ਲਾਲ ਨੇ ਕਿਹਾ ਕਿ ਸ਼ਹੀਦ ਕ੍ਰਿਸ਼ਨ ਲਾਲ ਦੇ ਪਰਿਵਾਰ ਨੂੰ ਸਰਕਾਰ ਵੱਲੋਂ ਪੂਰੀ ਮਦਦ ਦਿੱਤੀ ਜਾਵੇਗੀ, ਜਿਸ ਵਿੱਚ ਪਰਿਵਾਰ ਦੇ ਇੱਕ ਵਿਅਕਤੀ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਵੇਗੀ।
ਦੱਸ ਦੇਈਏ ਕਿ ਸ਼ਹੀਦ ਕ੍ਰਿਸ਼ਨ ਲਾਲ ਪਿਛਲੇ 32 ਸਾਲਾਂ ਤੋਂ ਇੰਡੋ ਤਿੱਬਤੀਅਨ ਬਾਰਡਰ ਪੁਲਿਸ ਯਾਨੀ ਆਈ.ਟੀ.ਬੀ.ਪੀ. ਵਿੱਚ ਸੇਵਾ ਨਿਭਾਅ ਰਹੇ ਸਨ। ਉਹ 3-4 ਮਹੀਨਿਆਂ ਬਾਅਦ ਰਿਟਾਇਰ ਹੋਣ ਵਾਲੇ ਸਨ। ਇਸ ਸਮੇਂ ਉਹ ਅਰੁਣਾਚਲ ਪ੍ਰਦੇਸ਼ ਵਿੱਚ ਆਪਣੀ ਡਿਊਟੀ ਦੇ ਰਹੇ ਸਨ।