ਕੈਨੇਡਾ : ਕੈਨੇਡਾ ਵਿੱਚ ਰਹਿਣ ਵਾਲੇ ਪੰਜਾਬੀਆਂ ਨੂੰ ਇੱਕ ਤੋਂ ਬਾਅਦ ਇੱਕ ਝਟਕਾ ਲੱਗ ਰਿਹਾ ਹੈ। ਇੱਕ ਪਾਸੇ ਕੈਨੇਡਾ ਵਿੱਚ ਲਗਪਗ ਪੰਜ ਲੱਖ ਪੰਜਾਬੀ ਨੌਜ਼ਵਾਨ ਡਿਪੋਰਟ ਹੋਣ ਦੇ ਖ਼ਤਰੇ ਦਾ ਸਾਹਮਣਾ ਕਰ ਰਹੇ ਹਨ ਤੇ ਦੂਜੇ ਪਾਸੇ ਇਹ ਖਦਸ਼ਾ ਹੈ ਕਿ ਕੈਨੇਡਾ ਵਿੱਚ 10 ਲੱਖ ਨੌਕਰੀਆਂ ਖਤਮ ਹੋ ਜਾਣਗੀਆਂ ਤੇ ਇਨ੍ਹਾਂ ਵਿੱਚੋਂ ਪੰਜ ਲੱਖ ਨੌਕਰੀਆਂ ਇਕੱਲੇ ਓਨਟਾਰੀਓ ਸੂਬੇ ਵਿੱਚ ਹੀ ਖਤਮ ਹੋ ਸਕਦੀਆਂ ਹਨ। ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦੇ ਇਸ ਬਿਆਨ ਤੋਂ ਬਾਅਦ ਪੰਜਾਬੀ ਮੂਲ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ।
ਡੱਗ ਫੋਰਡ ਨੇ ਅਲਬਰਟਾ ਨੂੰ ਦੂਜਾ ਸਭ ਤੋਂ ਵੱਧ ਪ੍ਰਭਾਵਿਤ ਸੂਬਾ ਦੱਸਿਆ ਹੈ। ਇਸ ਤੋਂ ਬਾਅਦ ਬ੍ਰਿਿਟਸ਼ ਕੋਲੰਬੀਆ ਆਉਂਦਾ ਹੈ। ਡੋਨਾਲਡ ਟਰੰਪ ਦੇ ਸਹੁੰ ਚੁੱਕਣ ਤੋਂ ਬਾਅਦ ਲਗਾਏ ਗਏ ਟੈਕਸਾਂ ਦੇ ਪ੍ਰਭਾਵ ਦਾ ਹਵਾਲਾ ਦਿੰਦੇ ਹੋਏ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ ਕਿ ਸੰਘੀ ਸਰਕਾਰ ਨੂੰ ਸਖ਼ਤ ਜਵਾਬ ਦੇਣਾ ਪਵੇਗਾ। ਕੈਨੇਡਾ ਵਿੱਚ ਨੌਕਰੀਆਂ ਦੇ ਖੁੱਸਣ ਦੀ ਗਿਣਤੀ ਟੈਕਸਾਂ ਦੁਆਰਾ ਸਿੱਧੇ ਤੌਰ ‘ਤੇ ਪ੍ਰਭਾਵਿਤ ਖੇਤਰਾਂ ‘ਤੇ ਨਿਰਭਰ ਕਰੇਗੀ, ਪਰ ਡੱਗ ਫੋਰਡ ਸਰਕਾਰ ਦਾ ਮੰਨਣਾ ਹੈ ਕਿ ਓਨਟਾਰੀਓ ਵਿੱਚ ਇਹ ਗਿਣਤੀ 450,000 ਤੋਂ 500,000 ਦੇ ਵਿਚਕਾਰ ਹੋ ਸਕਦੀ ਹੈ।
ਦੱਸ ਦਈਏ ਕਿ ਓਨਟਾਰੀਓ ਇੱਕ ਅਜਿਹਾ ਸੂਬਾ ਹੈ ਜਿਸ ਵਿੱਚ ਟੋਰਾਂਟੋ, ਬਰੈਂਪਟਨ, ਮਿਸੀਸਾਗਾ, ਓਟਾਵਾ ਵਰਗੇ ਖੇਤਰ ਸ਼ਾਮਲ ਹਨ, ਜਿੱਥੇ ਵੱਡੀ ਗਿਣਤੀ ਵਿੱਚ ਪੰਜਾਬੀ ਨੌਜ਼ਵਾਨ ਕੰਮ ਕਰਦੇ ਹਨ। ਪ੍ਰੀਮੀਅਰ ਡੱਗ ਫੋਰਡ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਸਾਨੂੰ ਸਾਰਿਆਂ ਨੂੰ ਟੀਮ ਕੈਨੇਡਾ ਵਜੋਂ ਕੰਮ ਕਰਨਾ ਚਾਹੀਦਾ ਹੈ ਤੇ ਅਮਰੀਕੀ ਸਾਮਾਨਾਂ ‘ਤੇ ਜਵਾਬੀ ਟੈਰਿਫ ਦੀ ਨੀਤੀ ਬਣਾਉਣ ਲਈ ਇਕਜੁੱਟ ਹੋਣਾ ਚਾਹੀਦਾ ਹੈ।
ਯਾਦ ਰਹੇ ਪੰਜਾਬੀ ਭਾਈਚਾਰੇ ਦੇ ਜ਼ਿਆਦਾਤਰ ਲੋਕ ਓਨਟਾਰੀਓ ਵਿੱਚ ਨੌਕਰੀ ਕਰਦੇ ਹਨ। ਪੰਜ ਲੱਖ ਨੌਕਰੀਆਂ ਦੀ ਛਾਂਟੀ ਕਾਰਨ ਪੰਜਾਬੀ ਭਾਈਚਾਰਾ ਬਹੁਤ ਚਿੰਤਤ ਹੈ ਕਿਉਂਕਿ ਪੰਜਾਬੀ ਨੌਜ਼ਵਾਨ ਸਭ ਤੋਂ ਵੱਧ ਪ੍ਰਭਾਵਿਤ ਤੇ ਛਾਂਟੀ ਦਾ ਸ਼ਿਕਾਰ ਹੋਣਗੇ। ਤੀਜੇ ਨੰਬਰ ‘ਤੇ ਬੀ.ਸੀ ਖੇਤਰ ਹੈ, ਜਿੱਥੇ ਪੰਜਾਬੀ ਭਾਈਚਾਰਾ ਵੱਡੀ ਗਿਣਤੀ ਵਿੱਚ ਮੌਜੂਦ ਹੈ। ਇਨ੍ਹਾਂ ਵਿੱਚੋਂ ਵੈਨਕੂਵਰ, ਸਰੀ ਤੇ ਵਿਕਟੋਰੀਆ ਖੇਤਰ ਪ੍ਰਮੁੱਖ ਹਨ।