ਜੈਂਤੀਪੁਰ : ਹਲਕਾ ਮਜੀਠਾ ਦੇ ਪਿੰਡ ਜੈਂਤੀਪੁਰ ਦੇ ਸਾਬਕਾ ਚੇਅਰਮੈਨ ਸ. ਪੱਪੂ ਜੈਂਤੀਪੁਰ ਦੇ ਪੁੱਤਰ ਸ਼ਰਾਬ ਕਾਰੋਬਾਰੀ ਅਤੇ ਕਾਂਗਰਸੀ ਆਗੂ ਅਮਨਦੀਪ ਜੈਂਤੀਪੁਰ ਦੀਪੂ (Congress Leader Amandeep Jayantipur Deepu) ਦੇ ਘਰ 3 ਅਣਪਛਾਤੇ ਨੌਜਵਾਨਾਂ ਵੱਲੋਂ ਗ੍ਰੇਨੇਡ ਨਾਲ ਹਮਲਾ ਕੀਤਾ ਗਿਆ। ਦੇਰ ਸ਼ਾਮ ਕਰੀਬ 7 ਵਜੇ ਅਮਨਦੀਪ ਜੈਂਤੀਪੁਰ ਦੀਪੂ ਦੇ ਘਰ 3 ਅਣਪਛਾਤੇ ਨੌਜਵਾਨਾਂ ਵੱਲੋਂ ਗ੍ਰਨੇਡ ਸੁੱਟਿਆ ਗਿਆ, ਜਿਸ ਕਾਰਨ ਪਿੰਡ ‘ਚ ਜ਼ੋਰਦਾਰ ਧਮਾਕਾ ਹੋਇਆ ਅਤੇ ਘਰ ਦੀਆਂ ਕੰਧਾਂ ਵੀ ਕੰਬ ਗਈਆਂ। ਫਿਲਹਾਲ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।
ਧਮਾਕੇ ਤੋਂ ਬਾਅਦ ਐਸ.ਐਸ.ਪੀ ਅੰਮ੍ਰਿਤਸਰ ਚਰਨਜੀਤ ਸਿੰਘ, ਡੀ.ਐਸ.ਪੀ. ਜਸਪਾਲ ਸਿੰਘ ਮਜੀਠਾ, ਐੱਸ.ਐੱਚ.ਓ. ਖੁਸ਼ਬੂ ਸ਼ਰਮਾ ਥਾਣਾ ਕੱਥੂ ਨੰਗਲ ਅਤੇ ਏ.ਐਸ.ਆਈ. ਜਸਬੀਰ ਸਿੰਘ ਪੁਲਿਸ ਚੌਕੀ ਜੈਂਤੀਪੁਰ ਮੌਕੇ ’ਤੇ ਉਨ੍ਹਾਂ ਦੇ ਘਰ ਪੁੱਜੇ। ਇਸ ਦੌਰਾਨ ਪੁਲਿਸ ਨੇ ਘਟਨਾ ਦਾ ਜਾਇਜ਼ਾ ਲਿਆ। ਉਸ ਨੇ ਦੱਸਿਆ ਕਿ ਤਿੰਨ ਨੌਜਵਾਨ ਮੋਟਰਸਾਈਕਲ ‘ਤੇ ਆਏ, ਜਿਨ੍ਹਾਂ ‘ਚੋਂ ਇਕ ਨੇ ਘਰ ‘ਤੇ ਗ੍ਰੇਨੇਡ ਸੁੱਟ ਦਿੱਤਾ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋ ਗਈ ਹੈ। ਬੱਬਰ ਖਾਲਸਾ ਇੰਟਰਨੈਸ਼ਨਲ ਗਰੁੱਪ ਨਾਲ ਜੁੜੇ ਹੈਪੀ ਪਾਸੀਆ ਨੇ ਸੋਸ਼ਲ ਮੀਡੀਆ ਰਾਹੀਂ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।