ਪੰਜਾਬ : ਪੰਜਾਬ ਦੇ ਸਰਕਾਰੀ ਦਫਤਰਾਂ ‘ਚ 15 ਤੋਂ 17 ਜਨਵਰੀ ਯਾਨੀ 3 ਦਿਨ ਕੋਈ ਕੰਮਕਾਜ ਨਹੀਂ ਹੋਵੇਗਾ। ਇਸ ਲਈ ਜੇਕਰ ਤੁਸੀਂ ਵੀ ਇਨ੍ਹਾਂ ਦਿਨਾਂ ‘ਚ ਕਿਸੇ ਕੰਮ ਲਈ ਸਰਕਾਰੀ ਦਫ਼ਤਰ ਜਾ ਰਹੇ ਹੋ ਤਾਂ ਤੁਹਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਰਅਸਲ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਦੇ ਸਮੂਹ ਸੂਬਾ ਅਤੇ ਜ਼ਿਲ੍ਹਾ ਆਗੂਆਂ ਨਾਲ ਸਲਾਹ ਮਸ਼ਵਰਾ ਕਰਕੇ 15 ਤੋਂ 17 ਜਨਵਰੀ ਤੱਕ 3 ਦਿਨ ਡੀ.ਸੀ ਦਫ਼ਤਰਾਂ, ਸਮੂਹ ਐਸ.ਡੀ.ਐਮ. ਦਫ਼ਤਰਾਂ, ਸਾਰੀਆਂ ਤਹਿਸੀਲਾਂ ਅਤੇ ਸਬ-ਤਹਿਸੀਲਾਂ ਵਿੱਚ ਕੰਮਕਾਜ ਠੱਪ ਰੱਖਣ ਦਾ ਐਲਾਨ ਕੀਤਾ ਗਿਆ ਹੈ।
ਇਸ ਸਬੰਧੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਨੇ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਕਾਰਨ ਹੜਤਾਲ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਡੀ.ਸੀ ਦਫ਼ਤਰਾਂ ਵਿੱਚ ਸੀਨੀਅਰ ਸਹਾਇਕ ਦੇ ਅਹੁਦੇ ’ਤੇ ਤਰੱਕੀ ਦੇ ਮੌਕੇ ਘੱਟ ਹਨ। ਇਸ ਦੇ ਨਾਲ ਹੀ ਮੁਲਾਜ਼ਮ ਡੀ.ਸੀ ਦਫ਼ਤਰ, ਐਸ.ਡੀ.ਐਮ ਦਫ਼ਤਰਾਂ, ਤਹਿਸੀਲ ਤੇ ਸਬ-ਤਹਿਸੀਲ ਦਫ਼ਤਰਾਂ ਦੇ ਮੁਲਾਜ਼ਮਾਂ ਨੂੰ 5 ਫ਼ੀਸਦੀ ਪ੍ਰਸ਼ਾਸਨਿਕ ਭੱਤਾ ਦੇਣ ਸਮੇਤ ਹੋਰ ਕਈ ਮੰਗਾਂ ਨੂੰ ਪੂਰਾ ਕਰਨਾ ਚਾਹੁੰਦੇ ਹਨ।