ਵਾਨੂਆਤੂ : ਦੁਨੀਆ ਭਰ ‘ਚ ਭੁਚਾਲਾਂ ਦੀਆਂ ਘਟਨਾਵਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਵਾਨੂਆਤੂ ਉਨ੍ਹਾਂ ਦੇਸ਼ਾਂ ‘ਚੋਂ ਇਕ ਹੈ ਜੋ ਅਕਸਰ ਭੂਚਾਲਾਂ ਨਾਲ ਪ੍ਰਭਾਵਿਤ ਹੁੰਦਾ ਹੈ। ਅੱਜ, ਮੰਗਲਵਾਰ, ਵਾਨੂਆਤੂੂ ਇੱਕ ਵਾਰ ਫਿਰ ਸ਼ਕਤੀਸ਼ਾਲੀ ਭੂਚਾਲ ਦੀ ਮਾਰ ਹੇਠ ਆਇਆ, ਰਿਕਟਰ ਪੈਮਾਨੇ ‘ਤੇ 7.3 ਮਾਪਿਆ ਗਿਆ। ਇਹ ਭੂਚਾਲ ਭਾਰਤੀ ਸਮੇਂ ਅਨੁਸਾਰ ਸਵੇਰੇ 7:17 ਵਜੇ ਪੋਰਟ ਵਿਲਾ ਤੋਂ 30 ਕਿਲੋਮੀਟਰ ਪੱਛਮ ਵੱਲ ਰਿਕਾਰਡ ਕੀਤਾ ਗਿਆ।
ਸੰਯੁਕਤ ਰਾਜ ਭੂ-ਵਿਗਿਆਨਕ ਸਰਵੇਖਣ (ਯੂ.ਐਸ.ਜੀ.ਐਸ) ਦੇ ਅਨੁਸਾਰ, ਇਸ ਭੂਚਾਲ ਦੀ ਡੂੰਘਾਈ 57.1 ਕਿਲੋਮੀਟਰ ਸੀ। ਜ਼ਬਰਦਸਤ ਭੂਚਾਲ ਦੇ ਝਟਕਿਆਂ ਨੇ ਨਾ ਸਿਰਫ਼ ਪ੍ਰਭਾਵਿਤ ਖੇਤਰ ਸਗੋਂ ਆਲੇ-ਦੁਆਲੇ ਦੇ ਇਲਾਕਿਆਂ ਨੂੰ ਵੀ ਹਿਲਾ ਕੇ ਰੱਖ ਦਿੱਤਾ।
ਭੂਚਾਲ ਕਾਰਨ ਵਾਨੂਆਤੂ ਵਿੱਚ ਕਈ ਘਰਾਂ ਅਤੇ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਅਮਰੀਕੀ ਦੂਤਾਵਾਸ ਨੂੰ ਨੁਕਸਾਨ ਹੋਣ ਤੋਂ ਬਾਅਦ ਇਸਨੂੰ ਅਸਥਾਈ ਤੌਰ ‘ਤੇ ਬੰਦ ਕਰਨਾ ਪਿਆ ਸੀ। ਫਰਾਂਸ ਦੇ ਦੂਤਘਰ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ। ਕੁਝ ਖੇਤਰਾਂ ਵਿੱਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ। ਹੁਣ ਤੱਕ ਇੱਕ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ, ਅਤੇ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਭੂਚਾਲ ਦੇ ਝਟਕੇ ਇੰਨੇ ਜ਼ਬਰਦਸਤ ਸਨ ਕਿ ਕੁਝ ਸਮੇਂ ਲਈ ਸੁਨਾਮੀ ਦੀ ਚਿਤਾਵਨੀ ਜਾਰੀ ਕਰਨੀ ਪਈ। ਹਾਲਾਂਕਿ ਹੁਣ ਸੁਨਾਮੀ ਦਾ ਖ਼ਤਰਾ ਪੂਰੀ ਤਰ੍ਹਾਂ ਟਲ ਗਿਆ ਹੈ।
ਪਿਛਲੇ ਕੁਝ ਸਾਲਾਂ ਵਿੱਚ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਭੂਚਾਲਾਂ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਇਨ੍ਹਾਂ ਵਿੱਚੋਂ ਕੁਝ ਵਿਨਾਸ਼ਕਾਰੀ ਵੀ ਹੋਏ ਹਨ। ਤੁਰਕੀ, ਸੀਰੀਆ, ਮੋਰੱਕੋ, ਅਫਗਾਨਿਸਤਾਨ, ਨੇਪਾਲ, ਚੀਨ, ਜਾਪਾਨ ਅਤੇ ਤਾਇਵਾਨ ਵਿੱਚ ਭੂਚਾਲਾਂ ਨੇ ਹਾਲ ਹੀ ਦੇ ਸਾਲਾਂ ਵਿੱਚ ਭਾਰੀ ਤਬਾਹੀ ਮਚਾਈ ਹੈ। ਭਾਵੇਂ ਸਾਰੇ ਭੁਚਾਲਾਂ ਨਾਲ ਇੰਨਾ ਨੁਕਸਾਨ ਨਹੀਂ ਹੁੰਦਾ, ਪਰ ਲਗਾਤਾਰ ਵੱਧ ਰਹੀਆਂ ਘਟਨਾਵਾਂ ਨੇ ਇਸ ਮੁੱਦੇ ਨੂੰ ਵਿਸ਼ਵਵਿਆਪੀ ਚਿੰਤਾ ਦਾ ਵਿਸ਼ਾ ਬਣਾ ਦਿੱਤਾ ਹੈ।