ਇੰਡੋਨੇਸ਼ੀਆ : ਇੰਡੋਨੇਸ਼ੀਆ ਦੇ ਉੱਤਰੀ ਸੁਮਾਤਰਾ ਸੂਬੇ ਵਿੱਚ ਪਿਛਲੇ ਹਫ਼ਤੇ ਜ਼ਮੀਨ ਖਿਸਕਣ ਅਤੇ ਹੜ੍ਹਾਂ ਕਾਰਨ 13 ਲੋਕਾਂ ਦੀ ਮੌਤ ਹੋ ਗਈ ਅਤੇ 18 ਜ਼ਖ਼ਮੀ ਹੋ ਗਏ। ਸੂਬਾਈ ਆਫ਼ਤ ਪ੍ਰਬੰਧਨ ਏਜੰਸੀ ਦੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਐਮਰਜੈਂਸੀ, ਉਪਕਰਨ ਅਤੇ ਲੌਜਿਸਟਿਕਸ ਵਿਭਾਗ ਦੀ ਮੁਖੀ ਸ੍ਰੀ ਵਾਹੂਨੀ ਪੰਚਸਿਲਾਵਤੀ ਨੇ ਦੱਸਿਆ ਕਿ ਇਹ ਹਾਦਸਾ ਸ਼ਨੀਵਾਰ ਰਾਤ ਡੇਲੀ ਸਰਦਾਂਗ ਅਤੇ ਕਾਰੋ ਖੇਤਰਾਂ ਵਿੱਚ ਵਾਪਰਿਆ।
ਡੇਲੀ ਸਰਦਾਂਗ ਵਿੱਚ ਤੇਜ਼ ਕਰੰਟ ਨੇ ਚਾਰ ਘਰਾਂ ਅਤੇ ਇੱਕ ਧਾਰਮਿਕ ਸਥਾਨ ਨੂੰ ਵਹਾ ਦਿੱਤਾ, 6 ਲੋਕਾਂ ਦੀ ਮੌਤ ਹੋ ਗਈ ਅਤੇ 9 ਜ਼ਖਮੀ ਹੋ ਗਏ। ਕਾਰੋ ਇਲਾਕੇ ‘ਚ 7 ਲੋਕਾਂ ਦੀ ਜਾਨ ਚਲੀ ਗਈ ਅਤੇ 9 ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਅਤੇ ਸਿਹਤ ਕੇਂਦਰਾਂ ‘ਚ ਭਰਤੀ ਕਰਵਾਇਆ ਗਿਆ ਹੈ। ਸ਼ਨੀਵਾਰ ਸਵੇਰੇ, ਜ਼ਮੀਨ ਖਿਸਕਣ ਅਤੇ ਹੜ੍ਹਾਂ ਨੇ ਪਡਾਂਗ ਲਾਵਾਸ ਅਤੇ ਦੱਖਣੀ ਤਪਾਨੁਲੀ ਖੇਤਰਾਂ ਨੂੰ ਵੀ ਪ੍ਰਭਾਵਿਤ ਕੀਤਾ, ਜਿਸ ਨਾਲ 6 ਦੀ ਮੌਤ ਹੋ ਗਈ ਅਤੇ 7 ਜ਼ਖਮੀ ਹੋ ਗਏ।
ਇੰਡੋਨੇਸ਼ੀਆ ਦੀ ਮੌਸਮ ਵਿਗਿਆਨ ਅਤੇ ਭੂ-ਭੌਤਿਕ ਏਜੰਸੀ ਨੇ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ ਖੇਤਰ ਵਿੱਚ ਭਾਰੀ ਮੀਂਹ ਅਤੇ ਭਿਆਨਕ ਮੌਸਮ ਦਾ ਖਤਰਾ ਹੈ। ਪ੍ਰਭਾਵਿਤ ਭਾਈਚਾਰਿਆਂ ਨੂੰ ਸਹਾਇਤਾ ਪ੍ਰਦਾਨ ਕਰਨ ਅਤੇ ਹੋਰ ਜੋਖਮ ਨੂੰ ਘਟਾਉਣ ਲਈ ਯਤਨ ਜਾਰੀ ਹਨ। ਅਧਿਕਾਰੀ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖ ਰਹੇ ਹਨ।