ਸਪੋਰਟਸ ਡੈਸਕ : ਮੁੰਬਈ ਦੇ ਵਾਨਖੇੜੇ ਸਟੇਡੀਅਮ (The Wankhede Stadium in Mumbai) ‘ਚ ਖੇਡੇ ਜਾ ਰਹੇ ਤੀਜੇ ਟੈਸਟ ਮੈਚ ‘ਚ ਮਹਿਮਾਨ ਨਿਊਜ਼ੀਲੈਂਡ ਨੇ ਭਾਰਤੀ ਕ੍ਰਿਕਟ ਟੀਮ ਨੂੰ ਜਿੱਤ ਲਈ 147 ਦੌੜਾਂ ਦਾ ਟੀਚਾ ਦਿੱਤਾ ਹੈ। ਭਾਰਤ ਨੇ ਤੀਜੇ ਦਿਨ ਸਵੇਰੇ ਨਿਊਜ਼ੀਲੈਂਡ ਦੀ ਦੂਜੀ ਪਾਰੀ 174 ਦੌੜਾਂ ‘ਤੇ ਸਮੇਟ ਦਿੱਤੀ ਸੀ। ਹਾਲਾਂਕਿ ਨਿਊਜ਼ੀਲੈਂਡ ਕ੍ਰਿਕਟ ਟੀਮ ਇਸ ਸੀਰੀਜ਼ ‘ਚ ਪਹਿਲਾਂ ਹੀ 2-0 ਦੀ ਅਜੇਤੂ ਬੜ੍ਹਤ ਹਾਸਲ ਕਰ ਚੁੱਕੀ ਹੈ ਪਰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਨਜ਼ਰੀਏ ਤੋਂ ਵੀ ਇਹ ਮੈਚ ਬਹੁਤ ਮਹੱਤਵਪੂਰਨ ਹੈ।
ਭਾਰਤ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿੱਚ ਅੰਕ ਸੂਚੀ ਵਿੱਚ ਸਿਖਰ ’ਤੇ ਹੈ ਪਰ ਦੂਜੇ ਸਥਾਨ ’ਤੇ ਕਾਬਜ਼ ਆਸਟ੍ਰੇਲੀਆ ਨਾਲ ਉਸ ਦਾ ਫਰਕ ਘੱਟ ਗਿਆ ਹੈ। ਖੱਬੇ ਹੱਥ ਦੇ ਸਪਿੰਨਰ ਰਵਿੰਦਰ ਜਡੇਜਾ ਨੇ ਪੰਜ ਵਿਕਟਾਂ ਲੈ ਕੇ ਨਿਊਜ਼ੀਲੈਂਡ ਦੀ ਦੂਜੀ ਪਾਰੀ ਨੂੰ ਸਮੇਟਣ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਤੋਂ ਇਲਾਵਾ ਰਵੀਚੰਦਰਨ ਅਸ਼ਵਿਨ ਨੇ ਵੀ 3 ਵਿਕਟਾਂ ਲਈਆਂ। ਆਕਾਸ਼ ਦੀਪ ਅਤੇ ਵਾਸ਼ਿੰਗਟਨ ਸੁੰਦਰ ਨੂੰ ਵੀ 1-1 ਵਿਕਟ ਮਿਲੀ।
ਨਿਊਜ਼ੀਲੈਂਡ ਲਈ ਵਿਲ ਯੰਗ ਨੇ ਦੂਜੀ ਪਾਰੀ ਵਿੱਚ 51 ਦੌੜਾਂ ਦੀ ਪਾਰੀ ਖੇਡੀ। ਬਾਕੀ ਸਾਰੇ ਬੱਲੇਬਾਜ਼ ਸੰਘਰਸ਼ ਕਰਦੇ ਨਜ਼ਰ ਆਏ। ਨਿਊਜ਼ੀਲੈਂਡ ਨੇ ਪਹਿਲੀ ਪਾਰੀ ਵਿੱਚ 235 ਦੌੜਾਂ ਬਣਾਈਆਂ ਸਨ ਅਤੇ ਇਸ ਪਾਰੀ ਵਿੱਚ ਰਵਿੰਦਰ ਜਡੇਜਾ ਨੇ ਵੀ 5 ਵਿਕਟਾਂ ਲਈਆਂ ਸਨ। ਇਸ ਤਰ੍ਹਾਂ ਜਡੇਜਾ ਨੇ ਮੈਚ ਵਿੱਚ 10 ਵਿਕਟਾਂ ਹਾਸਲ ਕਰ ਲਈਆਂ ਹਨ। ਵਾਸ਼ਿੰਗਟਨ ਸੁੰਦਰ ਨੇ ਵੀ ਪਹਿਲੀ ਪਾਰੀ ਵਿੱਚ ਚਾਰ ਵਿਕਟਾਂ ਲਈਆਂ। ਭਾਰਤ ਨੂੰ ਵੀ ਹੁਣ ਤੱਕ ਤਿੰਨ ਝਟਕੇ ਲੱਗ ਚੁੱਕੇ ਹਨ।
ਕਪਤਾਨ ਰੋਹਿਤ ਸ਼ਰਮਾ ਪੂਰੀ ਸੀਰੀਜ਼ ‘ਚ ਸੰਘਰਸ਼ ਕਰਦੇ ਰਹੇ ਅਤੇ ਸੀਰੀਜ਼ ਦੀ ਆਖਰੀ ਪਾਰੀ ‘ਚ ਵੀ ਸਿਰਫ 11 ਦੌੜਾਂ ਹੀ ਬਣਾ ਸਕੇ। ਉਨ੍ਹਾਂ ਨੂੰ ਗਲੇਨ ਫਿ ਲਿਪਸ ਦੇ ਹੱਥੋਂ ਮੈਟ ਹੈਨਰੀ ਨੇ ਕੈਚ ਆਊਟ ਕੀਤਾ। ਪਹਿਲੀ ਪਾਰੀ ‘ਚ 90 ਦੌੜਾਂ ਦੀ ਸ਼ਾਨਦਾਰ ਪਾਰੀ ਖੇਡਣ ਵਾਲੇ ਸ਼ੁਭਮਨ ਗਿੱਲ ਨੂੰ ਸਿਰਫ਼ 1 ਦੌੜਾਂ ਦੇ ਨਿੱਜੀ ਸਕੋਰ ‘ਤੇ ਏਜਾਜ਼ ਪਟੇਲ ਨੇ ਬੋਲਡ ਕਰ ਦਿੱਤਾ। ਇਸ ਤੋਂ ਇਲਾਵਾ ਵਿਰਾਟ ਕੋਹਲੀ ਵੀ ਸਿਰਫ 1 ਦੌੜ ਬਣਾ ਕੇ ਪਟੇਲ ਦਾ ਸ਼ਿਕਾਰ ਬਣੇ।