ਲੁਧਿਆਣਾ : ਥਾਣਾ ਜੋਧੇਵਾਲ ਦੀ ਪੁਲਿਸ ਨੇ ਇਕ ਸਾਜ਼ਿਸ਼ ਤਹਿਤ ਜਾਅਲੀ ਦਸਤਾਵੇਜ਼ ਪੇਸ਼ ਕਰਕੇ ਧੋਖਾਦੇਹੀ ਕਰਨ ਵਾਲੇ 5 ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਉਕਤ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਇੰਚਾਰਜ ਗੁਰਦਿਆਲ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਔਰਤ ਤੇਜਿੰਦਰ ਕੌਰ ਪਤਨੀ ਹਰਮੋਹਨ ਸਿੰਘ ਵਾਸੀ ਹਰਮੋਹਨ ਫਾਰਮ ਹਾਊਸ, ਏਕਤਾ ਕਲੋਨੀ, ਕੈਲਾਸ਼ ਨਗਰ ਨੇ 4 ਅਪ੍ਰੈਲ 2024 ਨੂੰ ਪੁਲਿਸ ਕਮਿਸ਼ਨਰ, ਲੁਧਿਆਣਾ ਕੋਲ ਸ਼ਿਕਾਇਤ ਦਰਜ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਉਸਨੇ ਆਪਣੇ ਦੋ ਗੋਦਾਮ ਜੋ ਏਕਤਾ ਕਾਲੋਨੀ ‘ਚ ਹੈ, ਉਨ੍ਹਾਂ ਮੀਨਾ ਰਾਣੀ, ਮੰਗਲ ਕੁਮਾਰ, ਕੇਤਨ ਡਾਵਰ, ਨਿਤਿਨ ਵਾਸਨ ਅਤੇ ਰਣਜੀਤ ਕੌਰ ਨੂੰ ਕਿਰਾਏ ‘ਤੇ ਦਿੱਤਾ ਸੀ। ਇਸ ਤੋਂ ਬਾਅਦ ਸਾਰੇ ਲੋਕਾਂ ਨੇ ਆਪਸ ‘ਚ ਮਿਲਜੁਲ ਕੇ ਉਸਦੇ ਗੋਦਾਮ ‘ਚ ਲੱਗੇ ਬਿਜਲੀ ਦੇ ਲੋਡ ਨੂੰ ਲੈ ਕੇ ਸ਼ਿਕਾਇਤਕਰਤਾ ਦੇ ਜਾਅਲੀ ਦਸਤਵੇਜ਼ ਬਿਜਲੀ ਵਿਭਾਗ ਨੂੰ ਦਿੱਤੇ ਅਤੇ ਬਿਜਲੀ ਦੇ ਮੀਟਰ ਦਾ ਲੋਡ ਵਧਾ ਲਿਆ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੇ ਗੋਦਾਮ ‘ਚ ਅਣਅਧਿਕਾਰਤ ਤੌਰ ‘ਤੇ ਸਮਾਨ ਦੀ ਵਰਤੋਂ ਵੀ ਕੀਤੀ, ਜਿਸ ਬਾਰੇ ਉਸ ਨੂੰ ਕੁਝ ਨਹੀਂ ਦੱਸਿਆ ਗਿਆ। ਥਾਣਾ ਇੰਚਾਰਜ ਨੇ ਉਕਤ ਮਾਮਲੇ ਦੀ ਜਾਂਚ ਉੱਚ ਪੁਲਿਸ ਅਧਿਕਾਰੀਆਂ ਨੂੰ ਸੌਂਪ ਦਿੱਤੀ, ਜਿਸ ‘ਤੇ ਦੋਸ਼ ਸਹੀ ਸਾਬਤ ਹੋਣ ‘ਤੇ ਦੋਸ਼ੀ ਖ਼ਿਲਾਫ਼ ਜਾਅਲੀ ਦਸਤਾਵੇਜ਼ ਤਿਆਰ ਕਰਨ ਦੇ ਦੋਸ਼ ‘ਚ ਮਾਮਲਾ ਦਰਜ ਕਰ ਲਿਆ ਗਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਅਜੇ ਤੱਕ ਕਿਸੇ ਵੀ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ, ਸਾਰੇ ਮੁਲਜ਼ਮ ਫ਼ਰਾਰ ਹਨ ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।