ਚੰਡੀਗੜ੍ਹ : ਆਈ.ਏ.ਐਸ. ਨਿਸ਼ਾਂਤ ਯਾਦਵ (IAS Nishant Yadav) ਚੰਡੀਗੜ੍ਹ ਦੇ ਨਵੇਂ ਡਿਪਟੀ ਕਮਿਸ਼ਨਰ (The New Deputy Commissioner) ਹੋਣਗੇ। ਨਿਸ਼ਾਂਤ ਯਾਦਵ ਤਿੰਨ ਸਾਲਾਂ ਲਈ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਰਹਿਣਗੇ। ਇਸ ਸਮੇਂ ਉਹ ਗੁਰੂਗ੍ਰਾਮ ਵਿੱਚ ਡਿਪਟੀ ਕਮਿਸ਼ਨਰ ਵਜੋਂ ਕੰਮ ਕਰ ਰਹੇ ਹਨ। ਚੰਡੀਗੜ੍ਹ ਦੇ ਮੌਜੂਦਾ ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਦਾ ਕਾਰਜਕਾਲ ਪੂਰਾ ਹੋ ਗਿਆ ਹੈ। ਚੰਡੀਗੜ੍ਹ ਦੇ ਮੌਜੂਦਾ ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਨੂੰ ਨਵੰਬਰ 2021 ਵਿੱਚ ਚੰਡੀਗੜ੍ਹ ਭੇਜਿਆ ਗਿਆ ਸੀ। ਵਿਨੈ ਪ੍ਰਤਾਪ ਸਿੰਘ ਹਰਿਆਣਾ ਕੇਡਰ ਦੇ 2011 ਬੈਚ ਦੇ ਆਈ.ਏ.ਐਸ. ਅਧਿਕਾਰੀ ਹਨ। ਵਿਨੈ ਪ੍ਰਤਾਪ ਦੀ ਨਵੀਂ ਨਿਯੁਕਤੀ ਬਾਰੇ ਅਜੇ ਤੱਕ ਕੋਈ ਹੁਕਮ ਜਾਰੀ ਨਹੀਂ ਕੀਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਆਈ.ਏ.ਐਸ. ਵਿਨੈ ਪ੍ਰਤਾਪ ਸਿੰਘ ਨੂੰ ਛੇਤੀ ਹੀ ਹਰਿਆਣਾ ਵਿੱਚ ਕਿਸੇ ਅਹਿਮ ਅਹੁਦੇ ਦੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ।
ਕੌਣ ਹਨ IAS ਨਿਸ਼ਾਂਤ ਯਾਦਵ?
ਨਿਸ਼ਾਂਤ ਕੁਮਾਰ ਯਾਦਵ ਇੱਕ ਨੌਜਵਾਨ ਆਈ.ਏ.ਐਸ. ਹਨ । ਉਹ ਹਰਿਆਣਾ ਕੇਡਰ ਦੇ 2013 ਬੈਚ ਦੇ ਆਈ.ਏ.ਐਸ. ਅਧਿਕਾਰੀ ਹਨ। ਉਨ੍ਹਾਂ ਦੀ ਉਮਰ 34 ਸਾਲ ਹੈ। ਆਈ.ਏ.ਐਸ. ਨਿਸ਼ਾਂਤ ਯਾਦਵ ਆਈ.ਆਈ.ਟੀ. ਪਾਸਆਊਟ ਵੀ ਹਨ । ਉਨ੍ਹਾਂ ਨੇ IIT-ਦਿੱਲੀ ਤੋਂ ਕੈਮੀਕਲ ਇੰਜੀਨੀਅਰਿੰਗ ਵਿੱਚ ਬੈਚਲਰ ਦੀ ਡਿਗਰੀ ਕੀਤੀ ਹੈ। ਇਸ ਤੋਂ ਬਾਅਦ ਸਿਵਲ ਸਰਵਿਸਿਜ਼ ਦੀ ਤਿਆਰੀ ਕਰਦੇ ਹੋਏ ਨਿਸ਼ਾਂਤ ਯਾਦਵ ਨੇ 23 ਸਾਲ ਦੀ ਉਮਰ ‘ਚ ਪਹਿਲੀ ਕੋਸ਼ਿਸ਼ ‘ਚ ਹੀ ਸਿਵਲ ਸਰਵਿਸਿਜ਼ ਦੀ ਪ੍ਰੀਖਿਆ ਪਾਸ ਕੀਤੀ। ਯਾਦਵ ਦੀ ਗਿਣਤੀ ਕੁਸ਼ਲ ਅਤੇ ਕਾਬਲ ਅਫਸਰਾਂ ਵਿੱਚ ਕੀਤੀ ਜਾਂਦੀ ਹੈ। ਆਈ.ਏ.ਐਸ. ਨਿਸ਼ਾਂਤ ਕੁਮਾਰ ਯਾਦਵ ਇਸ ਸਮੇਂ ਗੁਰੂਗ੍ਰਾਮ ਦੇ ਡਿਪਟੀ ਕਮਿਸ਼ਨਰ ਵਜੋਂ ਸੇਵਾ ਨਿਭਾਅ ਰਹੇ ਸਨ।