ਦੱਖਣੀ ਗਾਜ਼ਾ : ਦੱਖਣੀ ਗਾਜ਼ਾ (Southern Gaza) ‘ਚ ਇਜ਼ਰਾਇਲੀ ਹਵਾਈ ਹਮਲਿਆਂ ਕਾਰਨ ਘੱਟੋ-ਘੱਟ 32 ਲੋਕਾਂ ਦੀ ਮੌਤ ਹੋ ਗਈ ਹੈ। ਫਲਸਤੀਨੀ ਮੈਡੀਕਲ ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਖਾਨ ਯੂਨਿਸ ਦੇ ਯੂਰਪੀਅਨ ਹਸਪਤਾਲ ਨੇ ਕਿਹਾ ਕਿ ਬੀਤੀ ਰਾਤ ਅਤੇ ਅੱਜ ਭਾਰੀ ਇਜ਼ਰਾਈਲੀ ਹਵਾਈ ਹਮਲਿਆਂ ਅਤੇ ਜ਼ਮੀਨੀ ਕਾਰਵਾਈਆਂ ਤੋਂ ਬਾਅਦ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਇਸ ਦੌਰਾਨ ਕਈ ਇਲਾਕਿਆਂ ‘ਚ ਤਬਾਹੀ ਹੋਈ ਹੈ ਅਤੇ ਆਮ ਨਾਗਰਿਕਾਂ ‘ਚ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਹੈ।
ਇਜ਼ਰਾਇਲੀ ਸੁਰੱਖਿਆ ਬਲਾਂ ਨੇ ਕਿਹਾ ਕਿ ਇਹ ਹਮਲੇ ਹਿਜ਼ਬੁੱਲਾ ਅਤੇ ਹਮਾਸ ਵਿਰੁੱਧ ਕੀਤੀ ਗਈ ਕਾਰਵਾਈ ਦੇ ਹਿੱਸੇ ਵਜੋਂ ਕੀਤੇ ਗਏ ਹਨ। ਇਜ਼ਰਾਈਲ ਨੇ ਦਾਅਵਾ ਕੀਤਾ ਹੈ ਕਿ ਇਹ ਹਮਲੇ ਉਸ ਦੇ ਸੁਰੱਖਿਆ ਹਿੱਤਾਂ ਦੀ ਰੱਖਿਆ ਲਈ ਜ਼ਰੂਰੀ ਹਨ। ਸਥਾਨਕ ਨਾਗਰਿਕਾਂ ਦਾ ਕਹਿਣਾ ਹੈ ਕਿ ਹਮਲਿਆਂ ਨੇ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਡਰਾ ਦਿੱਤਾ ਹੈ। ਬਹੁਤ ਸਾਰੇ ਲੋਕ ਆਪਣੇ ਘਰ ਛੱਡਣ ਲਈ ਮਜ਼ਬੂਰ ਹੋਏ ਹਨ, ਅਤੇ ਸਹਾਇਤਾ ਦੀ ਘਾਟ ਕਾਰਨ ਸਥਿਤੀ ਵਿਗੜ ਰਹੀ ਹੈ। ਹਸਪਤਾਲਾਂ ਵਿੱਚ ਜ਼ਖ਼ਮੀਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਡਾਕਟਰੀ ਸਹੂਲਤਾਂ ਵੀ ਲੋੜੀਂਦੀਆਂ ਨਹੀਂ ਹਨ।