ਉੱਤਰ ਪ੍ਰਦੇਸ਼ : ਉੱਤਰ ਪ੍ਰਦੇਸ਼ ਦੇ ਫ਼ਿਰੋਜ਼ਾਬਾਦ ਜ਼ਿਲ੍ਹੇ ਦੇ ਸ਼ਿਕੋਹਾਬਾਦ ਥਾਣਾ ਖੇਤਰ ਵਿੱਚ ਇੱਕ ਪਟਾਕਾ ਫੈਕਟਰੀ ਵਿੱਚ ਅਚਾਨਕ ਧਮਾਕਾ ਹੋਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਕਰੀਬ ਅੱਧਾ ਦਰਜਨ ਮਕਾਨ ਢਹਿ ਗਏ ਅਤੇ ਦਰਜਨਾਂ ਲੋਕ ਮਲਬੇ ਹੇਠ ਦੱਬ ਗਏ। ਮੁੱਖ ਮੰਤਰੀ ਯੋਗੀ ਆਦਿਤਿਆਨਾਥ (Chief Minister Yogi Adityanath) ਨੇ ਇਸ ਹਾਦਸੇ ਦਾ ਨੋਟਿਸ ਲਿਆ ਹੈ। ਮੁੱਖ ਮੰਤਰੀ ਨੇ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਤੁਰੰਤ ਮੌਕੇ ’ਤੇ ਪੁੱਜ ਕੇ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ। ਨਾਲ ਹੀ ਜ਼ਖਮੀਆਂ ਦੇ ਸਹੀ ਇਲਾਜ ਦੇ ਨਿਰਦੇਸ਼ ਦਿੱਤੇ ਗਏ ਹਨ।
ਦੱਸ ਦਈਏ ਕਿ ਸੀ.ਐਮ ਯੋਗੀ ਦੇ ਨਿਰਦੇਸ਼ਾਂ ‘ਤੇ ਰਾਹਤ ਅਤੇ ਬਚਾਅ ਕਾਰਜ ਟੀਮਾਂ ਮੌਕੇ ਲਈ ਰਵਾਨਾ ਹੋ ਗਈਆਂ ਹਨ। ਪਰ ਘਟਨਾ ਦੇ ਇੱਕ ਘੰਟੇ ਬਾਅਦ ਵੀ ਪ੍ਰਸ਼ਾਸਨ ਰਾਹਤ ਕਾਰਜ ਸ਼ੁਰੂ ਨਹੀਂ ਕਰ ਸਕਿਆ। ਗੁੱਸੇ ‘ਚ ਆਏ ਪਿੰਡ ਵਾਸੀਆਂ ਨੇ ਪੁਲਿਸ ‘ਤੇ ਪਥਰਾਅ ਕੀਤਾ। ਰਾਤ 11 ਵਜੇ ਤੋਂ ਬਾਅਦ ਰਾਹਤ ਕਾਰਜ ਸ਼ੁਰੂ ਹੋ ਸਕਿਆ। ਨੌਸ਼ਹਿਰਾ ਪਿੰਡ ਦੇ ਬੁਰਜ ਮੁਹੱਲੇ ਦੇ ਰਹਿਣ ਵਾਲੇ ਭੂਰੇ ਖਾਨ ਨੇ ਚੰਦਰਪਾਲ ਕੁਸ਼ਵਾਹਾ ਦਾ ਘਰ ਕਿਰਾਏ ‘ਤੇ ਲਿਆ ਸੀ। ਇਸ ਵਿੱਚ ਉਹ ਪਟਾਕਿਆਂ ਦਾ ਗੋਦਾਮ ਚਲਾਉਂਦਾ ਸੀ। ਇੱਕ ਚੌਕੀਦਾਰ ਅਤੇ ਉਸਦੀ ਪਤਨੀ ਰਾਤ ਨੂੰ ਉੱਥੇ ਠਹਿਰਦੇ ਸਨ।
ਘਟਨਾ ਵਾਲੀ ਥਾਂ ਤੋਂ ਥੋੜੀ ਦੂਰੀ ‘ਤੇ ਸਥਿਤ ਇਕ ਘਰ ਅੰਦਰ ਲੱਕੜ ਦੇ ਬੈੱਡ ਬਣਾਉਣ ਵਾਲੇ ਪਰਿਵਾਰ ਦੇ ਮੀਰਾ ਦੇਵੀ (52) ਵਾਸੀ ਨੌਸ਼ਹਿਰਾ, ਸੰਜਨਾ, ਦੀਪਕ ਅਤੇ ਰਾਕੇਸ਼ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਸਾਂਝੇ ਹਸਪਤਾਲ ਲਿਜਾਇਆ ਗਿਆ। ਜਿੱਥੇ ਇਲਾਜ ਦੌਰਾਨ ਮੀਰਾ ਦੇਵੀ ਦੀ ਮੌਤ ਹੋ ਗਈ। ਇਸੇ ਤਰ੍ਹਾਂ ਪੰਕਜ (24) ਵਾਸੀ ਨੌਸ਼ਹਿਰਾ ਅਤੇ ਚਾਰ ਹੋਰਾਂ ਦੀ ਮੌਤ ਹੋ ਗਈ। ਜਦਕਿ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਜੇ.ਸੀ.ਬੀ ਮਸ਼ੀਨ ਨੂੰ ਮੌਕੇ ’ਤੇ ਬੁਲਾਇਆ ਗਿਆ ਹੈ। ਹੋਰ ਜ਼ਖਮੀਆਂ ਦੀ ਭਾਲ ਜਾਰੀ ਹੈ।
ਪੁਲਿਸ ਦਾ ਕਹਿਣਾ ਹੈ ਕਿ ‘ਹੁਣ ਤੱਕ ਕਰੀਬ 10 ਲੋਕਾਂ ਨੂੰ ਇਮਾਰਤ ਤੋਂ ਬਾਹਰ ਕੱਢਿਆ ਗਿਆ ਹੈ। ਮਲਬੇ ਹੇਠ ਅਜੇ ਵੀ ਕੁਝ ਲੋਕਾਂ ਦੇ ਦੱਬੇ ਹੋਣ ਦੀ ਸੰਭਾਵਨਾ ਹੈ। ਫਾਇਰ ਵਿਭਾਗ ਦੇ ਕਰਮਚਾਰੀ, ਜ਼ਿਲ੍ਹਾ ਮੈਜਿਸਟ੍ਰੇਟ ਅਤੇ ਪੁਲਿਸ ਸੁਪਰਡੈਂਟ ਦੀ ਟੀਮ ਅਤੇ ਚੀਫ਼ ਮੈਡੀਕਲ ਅਫ਼ਸਰ (ਸੀ.ਐਮ.ਓ) ਦਫ਼ਤਰ ਦੇ ਅਧਿਕਾਰੀ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੇ ਹੋਏ ਹਨ।