ਚੰਡੀਗੜ : ਹਰਿਆਣਾ ਵਿੱਚ (The Saffron Marketing Season 2024-25) ਸਾਉਣੀ ਮੰਡੀਕਰਨ ਸੀਜ਼ਨ 2024-25 ਦੇ ਤਹਿਤ ਝੋਨੇ ਦੀ ਖਰੀਦ 23 ਸਤੰਬਰ ਤੋਂ ਸ਼ੁਰੂ ਹੋਵੇਗੀ ਅਤੇ 15 ਨਵੰਬਰ, 2024 ਤੱਕ ਜਾਰੀ ਰਹੇਗੀ। ਇਸ ਵਾਰ 84 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਹੋਣ ਦਾ ਅਨੁਮਾਨ ਹੈ। ਜਾਣਕਾਰੀ ਦਿੰਦਿਆਂ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਦੱਸਿਆ ਕਿ ਝੋਨੇ ਦੀ ਖਰੀਦ ਲਈ 241 ਮੰਡੀਆਂ/ਖਰੀਦ ਕੇਂਦਰ ਖੋਲ੍ਹੇ ਗਏ ਹਨ। 14.63 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਬਿਜਾਈ ਹੋ ਚੁੱਕੀ ਹੈ ਅਤੇ 84 ਲੱਖ ਮੀਟ੍ਰਿਕ ਟਨ ਝੋਨੇ ਦੀ ਪੈਦਾਵਾਰ ਹੋਣ ਦਾ ਅਨੁਮਾਨ ਹੈ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਬਾਜਰੇ ਅਤੇ ਮੂੰਗੀ ਦੀ ਖਰੀਦ 1 ਅਕਤੂਬਰ ਤੋਂ 15 ਨਵੰਬਰ ਤੱਕ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਬਾਜਰੇ ਦੀ ਖਰੀਦ ਲਈ 91 ਮੰਡੀਆਂ/ਖਰੀਦ ਕੇਂਦਰ ਖੋਲ੍ਹੇ ਗਏ ਹਨ। ਬਾਜਰੇ ਦੀ ਬਿਜਾਈ 4.44 ਲੱਖ ਹੈਕਟੇਅਰ ਰਕਬੇ ਵਿੱਚ ਕੀਤੀ ਗਈ ਹੈ ਅਤੇ ਬਾਜਰੇ ਦਾ ਅਨੁਮਾਨਿਤ ਉਤਪਾਦਨ 10.78 ਲੱਖ ਮੀਟ੍ਰਿਕ ਟਨ ਹੈ। ਇਸ ਤੋਂ ਇਲਾਵਾ ਮੂੰਗੀ ਦੀ ਖਰੀਦ ਲਈ 38 ਮੰਡੀਆਂ/ਖਰੀਦ ਕੇਂਦਰ ਖੋਲ੍ਹੇ ਗਏ ਹਨ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਮੱਕੀ ਦੀ ਖਰੀਦ 20 ਸਤੰਬਰ ਤੋਂ ਸ਼ੁਰੂ ਹੋ ਜਾਵੇਗੀ, ਜੋ ਕਿ 15 ਨਵੰਬਰ ਤੱਕ ਚੱਲੇਗੀ। ਮੱਕੀ ਦੀ ਖਰੀਦ ਲਈ 19 ਮੰਡੀਆਂ/ਖਰੀਦ ਕੇਂਦਰ ਖੋਲ੍ਹੇ ਗਏ ਹਨ। ਮੱਕੀ ਦੀ ਬਿਜਾਈ 0.07 ਲੱਖ ਹੈਕਟੇਅਰ ਰਕਬੇ ਵਿੱਚ ਕੀਤੀ ਗਈ ਹੈ ਅਤੇ ਉਤਪਾਦਨ ਦਾ ਅਨੁਮਾਨ 0.23 ਲੱਖ ਮੀਟ੍ਰਿਕ ਟਨ ਹੈ। ਇਸ ਦੇ ਮੱਦੇਨਜ਼ਰ ਵਿਭਾਗ ਵੱਲੋਂ ਫ਼ਸਲਾਂ ਦੀ ਖ਼ਰੀਦ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।