ਦੇਸ਼ : ਭਾਰਤ ਦੇ ਪੈਰਾ ਤੀਰਅੰਦਾਜ਼ ਹਰਵਿੰਦਰ ਸਿੰਘ (India’s para archer Harvinder Singh) ਨੇ ਪੈਰਿਸ ਪੈਰਾਲੰਪਿਕ ‘ਚ ਇਤਿਹਾਸ ਰਚ ਦਿੱਤਾ ਹੈ। ਹਰਵਿੰਦਰ ਨੇ ਪੁਰਸ਼ਾਂ ਦੇ ਵਿਅਕਤੀਗਤ ਰਿਕਰਵ ਈਵੈਂਟ ਵਿੱਚ ਸੋਨ ਤਗਮਾ ਜਿੱਤ ਕੇ ਵੱਡੀ ਪ੍ਰਾਪਤੀ ਦਰਜ ਕੀਤੀ ਹੈ। ਓਲੰਪਿਕ ਜਾਂ ਪੈਰਾਲੰਪਿਕ ਵਿੱਚ ਤੀਰਅੰਦਾਜ਼ੀ ਵਿੱਚ ਕਿਸੇ ਵੀ ਭਾਰਤੀ ਤੀਰਅੰਦਾਜ਼ ਦਾ ਇਹ ਪਹਿਲਾ ਸੋਨ ਤਮਗਾ ਹੈ। ਭਾਰਤ ਨੇ ਇਸ ਤਰ੍ਹਾਂ ਪੈਰਿਸ ਵਿੱਚ ਆਪਣੇ ਸੋਨ ਤਮਗਿਆਂ ਦੀ ਗਿਣਤੀ ਚਾਰ ਪਹੁੰਚਾ ਦਿੱਤੀ ਹੈ ਜਦੋਂ ਕਿ ਉਸਦੇ ਕੁੱਲ ਤਗਮਿਆਂ ਦੀ ਗਿਣਤੀ 22 ਹੋ ਗਈ ਹੈ।
ਇਸ ਦੇ ਨਾਲ ਹੀ ਪੀ.ਐਮ ਮੋਦੀ (PM Modi) ਨੇ ਵੀ ਹਰਵਿੰਦਰ ਸਿੰਘ ਨੂੰ ਗੋਲਡ ਮੈਡਲ ਜਿੱਤਣ ‘ਤੇ ਵਧਾਈ ਦਿੱਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਐਕਸ ‘ਤੇ ਟਵੀਟ ਕੀਤਾ ਅਤੇ ਕਿਹਾ, ‘ਪੈਰਾ ਤੀਰਅੰਦਾਜ਼ੀ ‘ਚ ਬਹੁਤ ਹੀ ਖਾਸ ਗੋਲਡ ਮੈਡਲ! #ਪੈਰਾਲੰਪਿਕ 2024 ਵਿੱਚ ਪੁਰਸ਼ਾਂ ਦੇ ਵਿਅਕਤੀਗਤ ਰਿਕਰਵ ਓਪਨ ਵਿੱਚ ਸੋਨ ਤਗਮਾ ਜਿੱਤਣ ਲਈ ਹਰਵਿੰਦਰ ਸਿੰਘ ਨੂੰ ਵਧਾਈਆਂ! ਉਨ੍ਹਾਂ ਦੀ ਸ਼ੁੱਧਤਾ, ਫੋਕਸ ਅਤੇ ਅਟੱਲ ਆਤਮਾ ਸ਼ਾਨਦਾਰ ਹੈ। ਭਾਰਤ ਉਨ੍ਹਾਂ ਦੀ ਇਸ ਪ੍ਰਾਪਤੀ ਤੋਂ ਬਹੁਤ ਖੁਸ਼ ਹੈ।
ਹੁਣ ਤੱਕ ਭਾਰਤ 22 ਤਗਮੇ ਜਿੱਤਣ ‘ਚ ਰਿਹਾ ਕਾਮਯਾਬ
ਹਰਵਿੰਦਰ ਸਿੰਘ ਨੇ ਤੀਰਅੰਦਾਜ਼ੀ ਵਿੱਚ ਸੋਨ ਤਮਗਾ ਜਿੱਤਣ ਦੇ ਨਾਲ ਹੀ ਭਾਰਤ ਦੇ ਪੈਰਿਸ ਪੈਰਾਲੰਪਿਕ 2024 ਵਿੱਚ ਵੀ 22 ਤਗਮੇ ਹੋ ਗਏ ਹਨ। ਪੈਰਾਲੰਪਿਕ ਦੇ ਇਤਿਹਾਸ ਵਿੱਚ ਇਹ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਹੁਣ ਤੱਕ ਭਾਰਤ ਨੇ 4 ਸੋਨ, 8 ਚਾਂਦੀ ਅਤੇ 10 ਕਾਂਸੀ ਦੇ ਤਗਮੇ ਜਿੱਤੇ ਹਨ, ਜਿਸ ਵਿੱਚ ਹੋਰ ਵਾਧਾ ਹੋਣਾ ਯਕੀਨੀ ਹੈ। ਹੁਣ ਤੱਕ ਭਾਰਤ ਨੇ ਤੀਰਅੰਦਾਜ਼ੀ ਤੋਂ ਇਲਾਵਾ ਪੈਰਾਲੰਪਿਕ ਵਿੱਚ ਨਿਸ਼ਾਨੇਬਾਜ਼ੀ, ਅਥਲੈਟਿਕਸ ਅਤੇ ਬੈਡਮਿੰਟਨ ਵਿੱਚ ਸੋਨ ਤਗਮੇ ਜਿੱਤੇ ਹਨ।