ਮੁੰਬਈ : ਮਨੋਰੰਜਨ ਜਗਤ ਤੋਂ ਇੱਕ ਵਾਰ ਫਿਰ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਟੀ.ਵੀ ਅਤੇ ਬਾਲੀਵੁੱਡ ਫਿਲਮ ਅਦਾਕਾਰਾ ਆਸ਼ਾ ਸ਼ਰਮਾ (Actress Asha Sharma) ਇਸ ਦੁਨੀਆ ਵਿੱਚ ਨਹੀਂ ਰਹੀ। ਬੀਤੇ ਦਿਨ ਉਨ੍ਹਾਂ ਦੀ ਮੌਤ ਹੋ ਗਈ। ਆਸ਼ਾ ਦੇ ਦੇਹਾਂਤ ਦੀ ਜਾਣਕਾਰੀ CINTAA (ਸਿਨੇ ਅਤੇ ਟੀ.ਵੀ ਆਰਟਿਸਟ ਐਸੋਸੀਏਸ਼ਨ) ਨੇ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ।
CINTAA ਨੇ ਟਵੀਟ ਕਰਦੇ ਹੋਏ ਲਿਖਿਆ- ਆਸ਼ਾ ਸ਼ਰਮਾ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕਰਦਾ ਹਾਂ। ਉਨ੍ਹਾਂ ਦੀ ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
ਇਕ ਰਿਪੋਰਟ ਮੁਤਾਬਕ ਆਸ਼ਾ ਦੀ ਮੌਤ ‘ਤੇ ਅਦਾਕਾਰਾ ਟੀਨਾ ਘਈ ਨੇ ਕਿਹਾ ਹੈ, ‘ਪਿਛਲੇ ਸਾਲ ਉਹ ਆਦਿਪੁਰਸ਼ ‘ਚ ਨਜ਼ਰ ਆਈ ਸੀ। ਇਸ ਫਿਲਮ ਦੇ ਰਿਲੀਜ਼ ਹੋਣ ਤੋਂ ਲੈ ਕੇ ਹੁਣ ਤੱਕ ਉਹ ਲਗਭਗ ਚਾਰ ਵਾਰ ਡਿੱਗ ਚੁੱਕੇ ਸੀ। ਉਹ ਪਿਛਲੇ ਸਾਲ ਅਪ੍ਰੈਲ ਤੋਂ ਬਿਸਤਰ ‘ਤੇ ਸੀ, ਪਰ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਉਹ ਇੱਕ ਰੋਲ ਚਾਹੁੰਦੀ ਹੈ ਜਿਸ ਵਿੱਚ ਉਨ੍ਹਾਂ ਨੂੰ ਬਿਸਤਰ ‘ਤੇ ਰਹਿਣਾ ਪਵੇ।
ਆਸ਼ਾ ਸ਼ਰਮਾ ਨੇ 13 ਸਾਲ ਦੀ ਉਮਰ ਵਿੱਚ ਇੱਕ ਵੌਇਸਓਵਰ ਕਲਾਕਾਰ ਦੇ ਰੂਪ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ‘ਕੁਮਕੁਮ ਭਾਗਿਆ’, ‘ਮਨ ਕੀ ਆਵਾਜ਼ ਪ੍ਰਤੀਗਿਆ’ ਅਤੇ ‘ਏਕ ਔਰ ਮਹਾਭਾਰਤ’ ਵਰਗੇ ਟੀਵੀ ਸ਼ੋਅਜ਼ ‘ਚ ਕੰਮ ਕੀਤਾ। ਉਹ ਖਾਸ ਤੌਰ ‘ਤੇ ਮਾਂ ਅਤੇ ਦਾਦੀ ਦੀ ਭੂਮਿਕਾ ਲਈ ਦਰਸ਼ਕਾਂ ਵਿੱਚ ਮਸ਼ਹੂਰ ਹੋ ਗਈ।
ਇਸ ਤੋਂ ਇਲਾਵਾ ਆਸ਼ਾ ਸ਼ਰਮਾ ਨੇ ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਫਿਲਮ ‘ਦੋ ਦਿਸ਼ਾਂ’, ਪਿਆਰ ਤੋ ਹੋਣਾ ਹੀ ਥਾ ਅਤੇ ਹਮ ਤੁਮਹਾਰੇ ਹੈ ਸਨਮ ਵਰਗੀਆਂ ਫਿਲਮਾਂ ‘ਚ ਵੀ ਕੰਮ ਕੀਤਾ। ਉਨ੍ਹਾਂ ਨੇ ਆਪਣੇ ਕਰੀਅਰ ਵਿੱਚ 35 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ।