ਪਟਿਆਲਾ : ਰਮਨਜੀਤ ਰੋਮੀ (Ramanjit Romi) ਨੂੰ ਅੱਜ ਸ਼ੁੱਕਰਵਾਰ ਤੜਕੇ 3 ਵਜੇ ਨਾਭਾ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੇ 20 ਮਿੰਟ ਦੀ ਬਹਿਸ ਤੋਂ ਬਾਅਦ ਮਾਣਯੋਗ ਅਦਾਲਤ ਨੇ ਰਮਨਜੀਤ ਰੋਮੀ ਨੂੰ ਨਿਆਂਇਕ ਹਿਰਾਸਤ ‘ਚ ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ਭੇਜ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਨਾਭਾ ਜੇਲ੍ਹ ਬਰੇਕ ਕਾਂਡ ਦੇ ਮਾਸਟਰ ਮਾਈਂਡ ਰਮਨਜੀਤ ਸਿੰਘ ਰੋਮੀ ਨੂੰ ਭਾਰਤ ਸਰਕਾਰ ਦੀ ਬੇਨਤੀ ‘ਤੇ ਪੰਜਾਬ ਪੁਲਿਸ ਵੱਲੋਂ ਹਾਂਗਕਾਂਗ ਤੋਂ ਦੇਸ਼ ਲਿਆਂਦਾ ਗਿਆ ਸੀ, ਜਿਸ ਦੀ ਅਗਵਾਈ ਐਸ.ਪੀ ਹਰਵਿੰਦਰ ਸਿੰਘ ਵਿਰਕ ਕਰ ਰਹੇ ਸਨ। ਟੀਮ ਵਿੱਚ ਡੀ.ਐਸ.ਪੀ ਦਵਿੰਦਰ ਅੱਤਰੀ, ਡੀ.ਐਸ.ਪੀ ਵਿਕਰਮ ਬਰਾੜ ਤੋਂ ਇਲਾਵਾ ਕਈ ਐਸ.ਐਚ.ਓ ਹੈਰੀ ਬੋਪਾਰਾਏ, ਰੌਨੀ ਸੈਲ ਵੀ ਸ਼ਾਮਲ ਸਨ। ਰਮਨਜੀਤ ਰੋਮੀ ਜੋ 2018 ਵਿੱਚ ਹਾਂਗਕਾਂਗ ਦੀ ਜੇਲ੍ਹ ਵਿੱਚ ਬੰਦ ਸੀ।
ਹੁਣ ਉਹ ਅਦਾਲਤ ਦੇ ਅਗਲੇ ਹੁਕਮਾਂ ਤੱਕ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚ ਹੀ ਰਹੇਗਾ। ਬੀਤੀ ਸ਼ਾਮ 5 ਵਜੇ ਦਿੱਲੀ ਹਵਾਈ ਅੱਡੇ ‘ਤੇ ਉਤਰਨ ਤੋਂ ਬਾਅਦ ਪੰਜਾਬ ਪੁਲਿਸ ਰਾਤ 9 ਵਜੇ ਤੋਂ ਬਾਅਦ ਦਿੱਲੀ ਤੋਂ ਪੰਜਾਬ ਲਈ ਰਵਾਨਾ ਹੋਈ ਅਤੇ ਸਵੇਰੇ 3 ਵਜੇ ਨਾਭਾ ਪਹੁੰਚੀ। ਭਾਰੀ ਪੁਲਿਸ ਫੋਰਸ ਦੀ ਸੁਰੱਖਿਆ ਹੇਠ ਰਮਨਜੀਤ ਰੋਮੀ ਨੂੰ ਪਹਿਲਾਂ ਅਦਾਲਤ ‘ਚ ਪੇਸ਼ ਕਰਕੇ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ, ਉਪਰੰਤ ਰੋਮੀ ਦਾ ਸਿਵਲ ਹਸਪਤਾਲ ਨਾਭਾ ਵਿਖੇ ਮੈਡੀਕਲ ਵੀ ਕਰਵਾਇਆ ਗਿਆ।
ਅਦਾਲਤ ਦੇ ਹੁਕਮਾਂ ’ਤੇ ਪੁਲਿਸ ਨੇ ਰਮਨਜੀਤ ਰੋਮੀ ਨੂੰ ਸਵੇਰੇ 4 ਵਜੇ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਭੇਜ ਦਿੱਤਾ। ਦੱਸ ਦਈਏ ਕਿ ਨਾਭਾ ਜੇਲ੍ਹ ਬ੍ਰੇਕ ਕਾਂਡ ‘ਚ ਹੁਣ ਵੱਧ ਸੁਰੱਖਿਆ ਵਾਲੀ ਜੇਲ੍ਹ ਦੀ ਮੁੜ ਉਸਾਰੀ ਕੀਤੀ ਜਾ ਰਹੀ ਹੈ, ਜਿਸ ਕਾਰਨ ਫਿਲਹਾਲ ਵੱਧ ਸੁਰੱਖਿਆ ਵਾਲੀ ਜੇਲ੍ਹ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਹੁਣ ਕੈਦੀਆਂ ਨੂੰ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ‘ਚ ਭੇਜਿਆ ਜਾ ਰਿਹਾ ਹੈ।