ਸਪੋਰਟਸ ਡੈਸਕ : IPL 2025 ਤੋਂ ਪਹਿਲਾਂ ਪੰਜਾਬ ਕਿੰਗਜ਼ ਦੀ ਫਰੈਂਚਾਇਜ਼ੀ ‘ਚ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਕੇ.ਪੀ.ਐਚ ਡਰੀਮ ਕ੍ਰਿਕੇਟ ਪ੍ਰਾਈਵੇਟ ਲਿਮਟਿਡ (KPH Dream Cricket Private Limited) ਦੀ ਸਹਿ-ਮਾਲਕ ਅਤੇ ਬਾਲੀਵੁੱਡ ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ਫ੍ਰੈਂਚਾਇਜ਼ੀ ਦੇ ਸਭ ਤੋਂ ਵੱਡੇ ਸ਼ੇਅਰਧਾਰਕ ਮੋਹਿਤ ਬਰਮਨ ਵਿਰੁੱਧ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਇਸ ਪਟੀਸ਼ਨ ‘ਚ ਪ੍ਰੀਤੀ ਨੇ ਮੋਹਿਤ ਬਰਮਨ ਦੇ 11.5 ਫੀਸਦੀ ਸ਼ੇਅਰ ਕਿਸੇ ਹੋਰ ਨੂੰ ਵੇਚਣ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਇਸ ਪਟੀਸ਼ਨ ‘ਤੇ 20 ਅਗਸਤ ਨੂੰ ਵਧੀਕ ਸੈਸ਼ਨ ਜੱਜ ਸੰਜੇ ਸੰਧੀਰ ਦੀ ਅਦਾਲਤ ‘ਚ ਸੁਣਵਾਈ ਹੋਵੇਗੀ। ਪਟੀਸ਼ਨ ਮੁਤਾਬਕ ਪੰਜਾਬ ਕਿੰਗਜ਼ ਦੀ ਮੂਲ ਕੰਪਨੀ ਕੇ.ਪੀ.ਐਚ ਡਰੀਮ ਕ੍ਰਿਕਟ ਪ੍ਰਾਈਵੇਟ ਲਿਮਟਿਡ ਵਿੱਚ ਮੋਹਿਤ ਬਰਮਨ ਦੀ 48 ਫੀਸਦੀ ਦੀ ਵੱਡੀ ਹਿੱਸੇਦਾਰੀ ਹੈ। ਇਸ ਦੇ ਨਾਲ ਹੀ ਪ੍ਰੀਤੀ ਜ਼ਿੰਟਾ ਅਤੇ ਨੇਸ ਵਾਡੀਆ ਕੋਲ 23-23 ਫੀਸਦੀ ਹਿੱਸੇਦਾਰੀ ਹੈ।
ਬਾਕੀ ਸ਼ੇਅਰ ਚੌਥੇ ਸ਼ੇਅਰਧਾਰਕ ਕਰਨ ਪਾਲ ਕੋਲ ਹਨ। ਬਰਮਨ ਆਪਣੀ 11.5 ਫੀਸਦੀ ਹਿੱਸੇਦਾਰੀ ਕਿਸੇ ਤੀਜੀ ਧਿਰ ਨੂੰ ਵੇਚਣ ਦੀ ਯੋਜਨਾ ਬਣਾ ਰਹੇ ਹਨ। ਸ਼ੇਅਰ ਵੇਚਣਾ ਇੱਕ ਆਮ ਕਾਰੋਬਾਰੀ ਪ੍ਰਕਿਰਿਆ ਹੈ, ਪਰ ਫਰੈਂਚਾਇਜ਼ੀ ਭਾਈਵਾਲਾਂ ਵਿਚਕਾਰ ਇੱਕ ਅੰਦਰੂਨੀ ਸਮਝੌਤਾ ਹੁੰਦਾ ਹੈ ਕਿ ਹਿੱਸੇਦਾਰੀ ਪਹਿਲਾਂ ਮੌਜੂਦਾ ਭਾਈਵਾਲਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ। ਪਟੀਸ਼ਨ ਮੁਤਾਬਕ ਪ੍ਰੀਤੀ ਜ਼ਿੰਟਾ ਦਾ ਕਹਿਣਾ ਹੈ ਕਿ ਮੋਹਿਤ ਬਰਮਨ ਆਪਣੇ 11.5 ਫੀਸਦੀ ਸ਼ੇਅਰ ਕਿਸੇ ਹੋਰ ਪਾਰਟੀ ਨੂੰ ਵੇਚਣ ਦੀ ਧਮਕੀ ਦੇ ਰਹੇ ਹਨ। ਇਸ ਲਈ ਉਨ੍ਹਾਂ ਨੇ ਬਰਮਨ ਨੂੰ ਇਹ ਸ਼ੇਅਰ ਵੇਚਣ ਤੋਂ ਰੋਕਣ ਦੀ ਮੰਗ ਕੀਤੀ ਹੈ। ਪਟੀਸ਼ਨ ਤੋਂ ਬਾਅਦ ਅਦਾਲਤ ਨੇ ਬਰਮਨ ਨੂੰ ਜਵਾਬ ਦੇਣ ਲਈ ਨੋਟਿਸ ਜਾਰੀ ਕੀਤਾ ਹੈ। ਇਕ ਰਿਪੋਰਟ ਮੁਤਾਬਕ ਮੋਹਿਤ ਬਰਮਨ ਨੇ ਆਪਣੀ ਹਿੱਸੇਦਾਰੀ ਵੇਚਣ ਦੀ ਯੋਜਨਾ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਨੇ ਕਿਹਾ, ਮੇਰੀ ਹਿੱਸੇਦਾਰੀ ਵੇਚਣ ਦੀ ਕੋਈ ਯੋਜਨਾ ਨਹੀਂ ਹੈ।