ਜੰਮੂ : ਸਾਲਾਨਾ ਅਮਰਨਾਥ ਯਾਤਰਾ (Amarnath Yatra) ਇੱਕ ਦਿਨ ਲਈ ਮੁਲਤਵੀ ਕਰਨ ਤੋਂ ਬਾਅਦ ਬੀਤੇ ਦਿਨ ਮੁੜ ਸ਼ੁਰੂ ਹੋ ਗਈ। ਇਸ ਸਮੇਂ ਦੌਰਾਨ 1,800 ਤੋਂ ਵੱਧ ਸ਼ਰਧਾਲੂ ਜੰਮੂ ਬੇਸ ਕੈਂਪ ਤੋਂ ਦੱਖਣੀ ਕਸ਼ਮੀਰ ਹਿਮਾਲਿਆ ਵਿੱਚ ਬਾਬਾ ਬਰਫਾਨੀ ਦੇ ਗੁਫਾ ਮੰਦਰ ਦੇ ਦਰਸ਼ਨਾਂ ਲਈ ਰਵਾਨਾ ਹੋਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਸ ਸਾਲ ਹੁਣ ਤੱਕ 4.90 ਲੱਖ ਤੋਂ ਵੱਧ ਸ਼ਰਧਾਲੂ 3,880 ਮੀਟਰ ਦੀ ਉਚਾਈ ‘ਤੇ ਸਥਿਤ ਗੁਫਾ ਮੰਦਰ ‘ਚ ਬਰਫ਼ ਨਾਲ ਬਣੇ ਸ਼ਿਵਲਿੰਗ ਦੇ ਦਰਸ਼ਨ ਕਰ ਚੁੱਕੇ ਹਨ, ਜਦੋਂ ਕਿ ਸਾਲ 2023 ‘ਚ ਇਹ ਗਿਣਤੀ 4.50 ਲੱਖ ਸੀ।
ਅਧਿਕਾਰੀਆਂ ਨੇ ਦੱਸਿਆ ਕਿ 1,873 ਸ਼ਰਧਾਲੂਆਂ ਦਾ 39ਵਾਂ ਜੱਥਾ ਕੇਂਦਰੀ ਰਿਜ਼ਰਵ ਪੁਲਿਸ ਬਲ (CRPF) ਅਤੇ ਪੁਲਿਸ ਦੀ ਸੁਰੱਖਿਆ ਹੇਠ ਬੇਸ ਕੈਂਪ ਤੋਂ ਰਵਾਨਾ ਹੋਇਆ। ਉਨ੍ਹਾਂ ਦੱਸਿਆ ਕਿ ਇਹ ਸ਼ਰਧਾਲੂ ਜੰਮੂ ਦੇ ਭਗਵਤੀ ਨਗਰ ਬੇਸ ਕੈਂਪ ਤੋਂ ਸਵੇਰੇ 3:25 ਵਜੇ 69 ਵਾਹਨਾਂ ਦੇ ਕਾਫਲੇ ਵਿੱਚ ਰਵਾਨਾ ਹੋਏ। ਸਾਲਾਨਾ ਅਮਰਨਾਥ ਯਾਤਰਾ 29 ਜੂਨ ਨੂੰ ਸ਼ੁਰੂ ਹੋਈ ਸੀ ਅਤੇ 19 ਅਗਸਤ ਨੂੰ ਸਮਾਪਤ ਹੋਵੇਗੀ। ਦੱਸ ਦੇਈਏ ਕਿ ਧਾਰਾ 370 ਨੂੰ ਖਤਮ ਕਰਨ ਦੀ 5ਵੀਂ ਵਰ੍ਹੇਗੰਢ ਦੇ ਮੱਦੇਨਜ਼ਰ, ਸੋਮਵਾਰ ਨੂੰ ਸਾਵਧਾਨੀ ਦੇ ਤੌਰ ‘ਤੇ ਯਾਤਰਾ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।
ਪਹਿਲਗਾਮ ਰਾਹੀਂ ਅਮਰਨਾਥ ਗੁਫਾ ਨੂੰ ਜਾਣ ਵਾਲਾ ਰਵਾਇਤੀ ਰਸਤਾ ਅੱਜ ਯਾਨੀ ਬੁੱਧਵਾਰ ਤੋਂ ਰੱਖ-ਰਖਾਅ ਦੇ ਕੰਮਾਂ ਲਈ ਬੰਦ ਕਰ ਦਿੱਤਾ ਜਾਵੇਗਾ। ਅਜਿਹੇ ‘ਚ ਮੌਜੂਦਾ ਅਮਰਨਾਥ ਯਾਤਰਾ ਨੂੰ ਬਾਲਟਾਲ ਰੂਟ ਤੋਂ ਹੀ ਮਨਜ਼ੂਰੀ ਦਿੱਤੀ ਜਾਵੇਗੀ। ਇੱਕ ਬਿਆਨ ਵਿੱਚ ਜਾਣਕਾਰੀ ਦਿੰਦੇ ਹੋਏ ਸ਼੍ਰੀ ਅਮਰਨਾਥ ਜੀ ਸ਼ਰਾਈਨ ਬੋਰਡ (SASB) ਨੇ ਕਿਹਾ ਕਿ ਹਾਲ ਹੀ ਵਿੱਚ ਹੋਈ ਬਾਰਸ਼ ਦੇ ਕਾਰਨ ਸ਼੍ਰੀ ਅਮਰਨਾਥ ਯਾਤਰਾ ਦੇ ਪਹਿਲਗਾਮ ਰੂਟ ‘ਤੇ ਤੁਰੰਤ ਮੁਰੰਮਤ ਅਤੇ ਰੱਖ-ਰਖਾਅ ਦੇ ਕੰਮ ਦੀ ਲੋੜ ਹੈ। ਅਜਿਹੇ ‘ਚ ਇਹ ਯਾਤਰਾ ਬਾਲਟਾਲ ਰੂਟ ਰਾਹੀਂ ਜਾਰੀ ਰਹੇਗੀ।