ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Union Home Minister Amit Shah) ਨੇ ਮਨੀਪੁਰ ਵਿੱਚ ਕੇਂਦਰੀ ਬਲ ਤਾਇਨਾਤ ਕਰਨ ਦਾ ਫ਼ੈਸਲਾ ਕੀਤਾ ਹੈ, ਤਾਂ ਜੋ ਉੱਥੇ ਸ਼ਾਂਤੀ ਅਤੇ ਸਦਭਾਵਨਾ ਦਾ ਮਾਹੌਲ ਬਣਾਇਆ ਜਾ ਸਕੇ। ਇਸ ਦੇ ਨਾਲ ਹੀ ਲੋੜ ਅਨੁਸਾਰ ਫੋਰਸ ਦੀ ਤਾਇਨਾਤੀ ਵਧਾਈ ਜਾਵੇਗੀ। ਸੋਮਵਾਰ ਨੂੰ ਮਣੀਪੁਰ ਦੀ ਤਾਜ਼ਾ ਸਥਿਤੀ ‘ਤੇ ਉੱਚ ਪੱਧਰੀ ਮੀਟਿੰਗ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਸਰਕਾਰ ਸਾਰੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਲੋੜ ਪੈਣ ‘ਤੇ ਕੇਂਦਰੀ ਬਲਾਂ ਦੀ ਤਾਇਨਾਤੀ ਵਧਾਈ ਜਾਵੇਗੀ।
ਗ੍ਰਹਿ ਮੰਤਰੀ ਨੇ ਹਿੰਸਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਮਿਤ ਸ਼ਾਹ ਨੇ ਮਨੀਪੁਰ ਦੇ ਮੁੱਖ ਸਕੱਤਰ ਨੂੰ ਉਚਿਤ ਸਿਹਤ, ਸਿੱਖਿਆ ਸਹੂਲਤਾਂ ਅਤੇ ਬੇਘਰ ਹੋਏ ਲੋਕਾਂ ਦੇ ਮੁੜ ਵਸੇਬੇ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਰਾਹਤ ਕੈਂਪਾਂ ਦੀ ਹਾਲਤ ਦਾ ਵੀ ਜਾਇਜ਼ਾ ਲਿਆ। ਨਾਲ ਹੀ ਅਧਿਕਾਰੀਆਂ ਨੂੰ ਕਿਹਾ ਕਿ ਪੀੜਤਾਂ ਨੂੰ ਭੋਜਨ, ਪਾਣੀ, ਦਵਾਈਆਂ ਅਤੇ ਹੋਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਯੋਗ ਪ੍ਰਬੰਧ ਕੀਤੇ ਜਾਣ।
ਮੀਤੇਈ ਅਤੇ ਕੁਕੀ ਭਾਈਚਾਰਿਆਂ ਨਾਲ ਵੀ ਕਰਨਗੇ ਗੱਲਬਾਤ
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਗ੍ਰਹਿ ਮੰਤਰਾਲਾ ਸ਼ਾਂਤੀ ਸਥਾਪਿਤ ਕਰਨ ਲਈ ਮੀਤੇਈ ਅਤੇ ਕੁਕੀ ਭਾਈਚਾਰਿਆਂ ਨਾਲ ਗੱਲਬਾਤ ਕਰੇਗਾ, ਤਾਂ ਜੋ ਨਸਲੀ ਪਾੜਾ ਨੂੰ ਜਲਦੀ ਤੋਂ ਜਲਦੀ ਖਤਮ ਕੀਤਾ ਜਾ ਸਕੇ। ਇਸ ਮੀਟਿੰਗ ਵਿੱਚ ਫੌਜ ਮੁਖੀ ਜਨਰਲ ਮਨੋਜ ਪਾਂਡੇ, ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ, ਆਈ.ਬੀ ਮੁਖੀ ਤਪਨ ਡੇਕਾ, ਅਗਲੇ ਫੌਜ ਮੁਖੀ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ, ਮਣੀਪੁਰ ਸਰਕਾਰ ਦੇ ਸੁਰੱਖਿਆ ਸਲਾਹਕਾਰ, ਡੀ.ਜੀ ਅਸਾਮ ਰਾਈਫਲਜ਼, ਮਨੀਪੁਰ ਦੇ ਮੁੱਖ ਸਕੱਤਰ ਅਤੇ ਡੀ.ਜੀ.ਪੀ ਸਮੇਤ ਫੌਜ ਅਤੇ ਗ੍ਰਹਿ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਹੋਏ।