ਚੰਡੀਗੜ੍ਹ : ਕੈਬਨਿਟ ਮੰਤਰੀ ਅਨਮੋਲ ਗਗਨ ਮਾਨ (Cabinet Minister Anmol Gagan Mann) 16 ਜੂਨ ਨੂੰ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਅਨਮੋਲ ਗਗਨ ਮਾਨ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ। ਸ਼ੁੱਕਰਵਾਰ ਨੂੰ ਉਨ੍ਹਾਂ ਦੀ ਮਹਿੰਦੀ ਦੀ ਰਸਮ ਅਦਾ ਕੀਤੀ ਗਈ। ਇਸ ਦੀਆਂ ਤਸਵੀਰਾਂ ਅਨਮੋਲ ਗਗਨ ਮਾਨ ਨੇ ਵੀ ਸ਼ੇਅਰ ਕੀਤੀਆਂ ਹਨ।
ਜ਼ਿਕਰਯੋਗ ਹੈ ਕਿ ਅਨਮੋਲ ਗਗਨ ਮਾਨ ਦਾ ਵਿਆਹ ਬਲਟਾਣਾ (ਜ਼ੀਰਕਪੁਰ) ਦੇ ਮਸ਼ਹੂਰ ਸੋਹੀ ਪਰਿਵਾਰ ‘ਚ ਤੈਅ ਹੋ ਗਿਆ ਹੈ। ਉਨ੍ਹਾਂ ਦਾ ਹੋਣ ਵਾਲਾ ਪਤੀ, ਐਡਵੋਕੇਟ ਸ਼ਾਹਬਾਜ਼ ਸੋਹੀ, ਆਪਣੀ ਮਾਂ ਸ਼ੀਲਮ ਸੋਹੀ ਨਾਲ ਚੰਡੀਗੜ੍ਹ ਸੈਕਟਰ-3, ਵਿੱਚ ਰਹਿੰਦਾ ਹੈ, ਜਿਸਦਾ ਪਰਿਵਾਰਕ ਪਿਛੋਕੜ ਕਾਂਗਰਸੀ ਹੈ।
16 ਜੂਨ ਨੂੰ ਗੁਰਦੁਆਰਾ ਨਾਭਾ ਸਾਹਿਬ ਵਿਖੇ ਉਨ੍ਹਾਂ ਦੇ ਆਨੰਦ ਕਾਰਜ ਕੀਤੇ ਜਾਣਗੇ। ਇਸ ਤੋਂ ਬਾਅਦ ਇੱਕ ਨਿੱਜੀ ਪੈਲੇਸ ਵਿੱਚ ਮਹਿਮਾਨਾਂ ਲਈ ਦਾਅਵਤ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੇ ਵਿਆਹ ‘ਚ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਕਈ ਵੱਡੀਆਂ ਹਸਤੀਆਂ ਦੇ ਆਉਣ ਦੀ ਸੰਭਾਵਨਾ ਹੈ। ਇਸ ਲਈ ਵਿਆਹ ਦੀਆਂ ਤਿਆਰੀਆਂ ਵੱਡੇ ਪੱਧਰ ‘ਤੇ ਕੀਤੀਆਂ ਗਈਆਂ ਹਨ।
ਸਿਆਸਤ ਵਿੱਚ ਆਉਣ ਤੋਂ ਪਹਿਲਾਂ ਗਗਨ ਮਾਨ ਨੇ ਗਾਇਕ ਵਜੋਂ ਕਾਫੀ ਨਾਮ ਕਮਾਇਆ ਸੀ। ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਨੂੰ ਵਿਧਾਨ ਸਭਾ ਹਲਕਾ ਖਰੜ ਤੋਂ ਟਿਕਟ ਮਿਲੀ, ਜਿੱਥੋਂ ਉਹ ਵੱਡੇ ਫਰਕ ਨਾਲ ਜਿੱਤੇ। ਬਾਅਦ ਵਿੱਚ ਉਨ੍ਹਾਂ ਨੂੰ ਮੰਤਰੀ ਬਣਾ ਦਿੱਤਾ ਗਿਆ। ਵਰਤਮਾਨ ਵਿੱਚ, ਉਨ੍ਹਾਂ ਕੋਲ ਸੈਰ-ਸਪਾਟਾ, ਸੱਭਿਆਚਾਰ, ਲੇਬਰ, ਨਿਵੇਸ਼ ਪ੍ਰੋਤਸਾਹਨ, ਸ਼ਿਕਾਇਤ ਨਿਵਾਰਣ ਅਤੇ ਪਰਾਹੁਣਚਾਰੀ ਦੇ ਵਿਭਾਗ ਹਨ।