ਪੰਜਾਬ : ਪੰਜਾਬ ‘ਚ ਕਹਿਰ ਦੀ ਗਰਮੀ ਨੇ ਤਬਾਹੀ ਮਚਾਈ ਹੋਈ ਹੈ। ਇਸ ਕਾਰਨ ਸਖ਼ਤ ਗਰਮੀ ਅਤੇ ਖੇਤੀ ਬਿਜਲ(Agricultural Power) ਸਪਲਾਈ ਦੀ ਮੰਗ ਵਧ ਗਈ ਹੈ। ਪੰਜਾਬ ਵਿੱਚ ਮਈ ਮਹੀਨੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ ਬਿਜਲੀ ਦੀ ਮੰਗ ਦਰਜ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਬਿਜਲੀ ਦੀ ਮੰਗ 14,000 ਮੈਗਾਵਾਟ ਨੂੰ ਪਾਰ ਕਰ ਗਈ ਹੈ। ਲਗਾਤਾਰ ਵਧਦੀ ਮੰਗ ਕਾਰਨ ਕਈ ਖੇਤਰਾਂ ਵਿੱਚ ਬਿਜਲੀ ਸਬੰਧੀ ਸਮੱਸਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ। ਪੰਜਾਬ ਵਿੱਚ ਤਾਪਮਾਨ 45 ਡਿਗਰੀ ਦੇ ਆਸ-ਪਾਸ ਹੈ। ਇਸ ਦੌਰਾਨ ਪੀ.ਐਸ.ਪੀ.ਸੀ.ਐਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਮਈ ਮਹੀਨੇ ਵਿੱਚ ਬਿਜਲੀ ਦੀ ਮੰਗ ਸੋਮਵਾਰ ਨੂੰ 14,000 ਮੈਗਾਵਾਟ ਨੂੰ ਪਾਰ ਕਰ ਗਈ। ਆਉਣ ਵਾਲੇ ਸਮੇਂ ਵਿੱਚ ਗਰਮੀ ਦੀ ਲਹਿਰ ਕਾਰਨ ਬਿਜਲੀ ਦੀ ਮੰਗ ਹੋਰ ਵਧ ਸਕਦੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀ.ਐਸ.ਪੀ.ਸੀ.ਐਲ. ਦੇ ਅਧਿਕਾਰੀ ਨੇ ਦੱਸਿਆ ਕਿ ਗਰਮੀਆਂ ਦੇ ਮਹੀਨਿਆਂ ਦੌਰਾਨ ਪੰਜਾਬ ਵਿੱਚ ਗੈਰ-ਖੇਤੀ ਖੇਤਰ ਦੀ ਬਿਜਲੀ ਦੀ ਮੰਗ ਆਮ ਹਾਲਤਾਂ ਵਿੱਚ 9,000 ਮੈਗਾਵਾਟ ਤੋਂ 9,500 ਮੈਗਾਵਾਟ ਦੇ ਵਿਚਕਾਰ ਹੁੰਦੀ ਹੈ। ਝੋਨੇ ਦੇ ਸੀਜ਼ਨ ਦੌਰਾਨ ਖੇਤੀ ਖੇਤਰ ਤੋਂ ਬਿਜਲੀ ਦੀ ਮੰਗ 5,500 ਤੋਂ 6,000 ਮੈਗਾਵਾਟ ਤੱਕ ਵਧ ਜਾਂਦੀ ਹੈ, ਪਰ ਮਈ ਵਿੱਚ ਪਾਰਾ ਵਧਣ ਕਾਰਨ ਬਿਜਲੀ ਦੀ ਮੰਗ ਵਧਦੀ ਜਾ ਰਹੀ ਹੈ। ਇਸ ਸਮੇਂ ਦੌਰਾਨ ਬਿਜਲੀ ਦੀ ਮੰਗ 14,000 ਮੈਗਾਵਾਟ ਨੂੰ ਪਾਰ ਕਰ ਰਹੀ ਹੈ। ਮਈ ‘ਚ ਬਿਜਲੀ ਦੀ ਮੰਗ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ 16 ਫੀਸਦੀ ਤੋਂ ਜ਼ਿਆਦਾ ਵਧੀ ਹੈ।
ਪੀ.ਐਸ.ਪੀ.ਸੀ.ਐਲ. ਰਿਪੋਰਟ ਅਨੁਸਾਰ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੀ ਪ੍ਰਾਪਤੀ ਤੋਂ ਬਾਅਦ ਇਸ ਸਾਲ ਪੰਜਾਬ ਦੀ ਰੋਜ਼ਾਨਾ ਬਿਜਲੀ ਉਤਪਾਦਨ ਵਿੱਚ ਸੁਧਾਰ ਹੋਇਆ ਹੈ ਅਤੇ ਇਹ ਲਗਭਗ 325 ਲੱਖ ਯੂਨਿਟ ਹੈ। ਤਿੰਨੋਂ ਸਰਕਾਰੀ ਪਲਾਂਟਾਂ ਵਿੱਚ ਕੋਲੇ ਦਾ ਸਟਾਕ 19 ਤੋਂ 27 ਦਿਨਾਂ ਦੇ ਵਿਚਕਾਰ ਰਹਿੰਦਾ ਹੈ। ਨਿੱਜੀ ਖੇਤਰ ਵਿੱਚ ਰਾਜਪੁਰਾ ਥਰਮਲ ਪਲਾਂਟ ਕੋਲ 25 ਦਿਨਾਂ ਦਾ ਕੋਲਾ ਸਟਾਕ ਹੈ। ਅਧਿਕਾਰੀ ਨੇ ਦੱਸਿਆ ਕਿ ਪਿਛਲੇ ਚਾਰ ਮਹੀਨਿਆਂ ਤੋਂ ਬਿਜਲੀ ਦੀ ਮੰਗ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਬਿਜਲੀ ਦੇ ਅਣ-ਐਲਾਨੇ ਕੱਟ ਨਹੀਂ ਲਾਏ ਜਾ ਰਹੇ ਹਨ। ਟਰਾਂਸਫਾਰਮਰ ਜਾਂ ਹੋਰ ਖਰਾਬੀ ਕਾਰਨ ਬਿਜਲੀ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।