ਦਿੱਲੀ :- ਦਿੱਲੀ ਦੇ ਗਾਜ਼ੀਪੁਰ ‘ਲੈਂਡਫਿਲ’ ਸਾਈਟ (ਕੂੜਾ ਇਕੱਠਾ ਕਰਨ ਵਾਲੀ ਥਾਂ) ‘ਤੇ ਐਤਵਾਰ ਨੂੰ ਭਿਆਨਕ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਬੀਤੀ ਸ਼ਾਮ 5.22 ਵਜੇ ਦੀ ਇਹ ਘਟਨਾ ਹੈ ਜਦੋਂ ਭਿਆਨਕ ਅੱਗ ਲੱਗ ਗਈ ਤੇ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੂੰ ਬੁਲਾਇਆ ਗਿਆ। ਜਿਨ੍ਹਾਂ ਦੇ ਵੱਲੋਂ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਅੱਗ ਕੂੜਾ ਪਹਾੜ ਦੇ ਉਪਰਲੇ ਹਿੱਸੇ ’ਚ ਲੱਗੀ।ਇਸ ਕਾਰਨ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਉੱਥੇ ਪਹੁੰਚਣ ’ਚ ਕਾਫ਼ੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਦੇਰ ਰਾਤ ਤੱਕ ਅੱਗ ’ਤੇ ਕਾਬੂ ਨਹੀਂ ਪਾਇਆ ਜਾ ਸਕਿਆ ਸੀ।
ਫਾਇਰ ਫਾਈਟਰਜ਼ ਨੇ ਦੱਸਿਆ ਕਿ ਕੂੜੇ ਦੇ ਪਹਾੜਾਂ ’ਚ ਅੱਗ ਅਕਸਰ ਕਈ ਦਿਨਾਂ ਤੱਕ ਰਹਿੰਦੀ ਹੈ। ਫਿਲਹਾਲ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇ ਇਕ ਥਾਂ ’ਤੇ ਅੱਗ ਬੁੱਝ ਜਾਂਦੀ ਹੈ ਤਾਂ ਇਹ ਦੂਜੀ ਥਾਂ ’ਤੇ ਭੜਕਦੀ ਹੈ। ਨੇੜੇ ਰਹਿਣ ਵਾਲੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਗਰਮੀਆਂ ਦੌਰਾਨ ਇੱਥੇ ਅਕਸਰ ਅੱਗ ਲੱਗ ਜਾਂਦੀ ਹੈ। ਕੂੜੇ ਨੂੰ ਲੱਗੀ ਅੱਗ ਤੋਂ ਨਿਕਲਦਾ ਧੂੰਆਂ ਨੇੜਲੀਆਂ ਕਲੋਨੀਆਂ ’ਚ ਫੈਲ ਗਿਆ। ਅਜਿਹੇ ’ਚ ਗਾਜ਼ੀਪੁਰ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਨੂੰ ਸਾਹ ਘੁੱਟਣ ਤੇ ਅੱਖਾਂ ’ਚ ਜਲਨ ਮਹਿਸੂਸ ਹੋਣ ਲੱਗੀ।