Google search engine
HomeLifestyleਦਸਤਾਰ ਦਿਵਸ ’ਤੇ ਵਿਸ਼ੇਸ਼

ਦਸਤਾਰ ਦਿਵਸ ’ਤੇ ਵਿਸ਼ੇਸ਼

ਦਸਤਾਰ: ਸਿੱਖ ਦੀ ਇੱਜ਼ਤ ਤੇ ਅਣਖ ਦੀ ਪ੍ਰਤੀਕ

ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਬਾਲਪਨ ਤੋਂ ਹੀ ਸਿਰ ਤੇ ਦਸਤਾਰ ਸਜਾਉਂਦੇ ਸਨ। ਜਨਮਸਾਖੀਆਂ ਅਨੁਸਾਰ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਪੂਰਬ ਵੱਲ ਗਏ ਤਾਂ ਬਿਸ਼ੰਭਪੁਰ ਨਗਰ ਵਿਖੇ ਉਹਨਾਂ ਦਾ ਮਿਲਾਪ ਸਾਲਸ ਰਾਏ ਜੌਹਰੀ ਨਾਲ ਹੋਇਆ। ਉਸ ਦੀ ਸ਼ਰਧਾ ਵੇਖ ਕੇ ਗੁਰੂ ਨਾਨਕ ਨੇ ਉਸ ਨੂੰ ਦਸਤਾਰ ਬਖ਼ਸ਼ਿਸ਼ ਕੀਤੀ ਅਤੇ ਸਿੱਖ ਧਰਮ ਦਾ ਪ੍ਰਚਾਰਕ ਨਿਯੁਕਤ ਕੀਤਾ। ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਬਾਰੀ ਢਾਡੀ ਭਾਈ ਅਬਦੁੱਲਾ ਜੀ ਤੇ ਭਾਈ ਨੱਥ ਮੱਲ ਜੀ ਗੁਰੂ ਸਾਹਿਬ ਦੀ ਦਸਤਾਰ ਦੀ ਸੋਭਾ ਬਿਆਨਦੇ ਹੋਏ ਲਿਖਦੇ ਹਨ।

ਦੋ ਤਲਵਾਰਾਂ ਬੱਧੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ।
ਇੱਕ ਅਜ਼ਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ।
ਪੱਗ ਤੇਰੀ ਕਿ ਜਹਾਂਗੀਰ ਦੀ।

ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈ: ਵਿੱਚ ਵਿਸਾਖੀ ਵਾਲੇ ਦਿਨ ਦਸਤਾਰ ਨੂੰ ਸਿੱਖੀ ਦਾ ਅਨਿੱਖੜਵਾਂ ਅੰਗ ਬਣਾ ਦਿੱਤਾ। ਇਸ ਦਾ ਜ਼ਿਕਰ ਭਾਈ ਦੇਸਾ ਸਿੰਘ ਦੇ ਰਹਿਤਨਾਮਿਆਂ, ਭਾਈ ਨੰਦ ਲਾਲ ਜੀ ਦੇ ਤਨਖਾਹਨਾਮੇ ਅਤੇ ਗਿਆਨੀ ਗਿਆਨ ਸਿੰਘ ਜੀ ਦੇ ਪੰਥ ਪ੍ਰਕਾਸ਼ ਵਿੱਚ ਮਿਲਦਾ ਹੈ। ਵਿਸਾਖੀ ਵਾਲੇ ਦਿਨ ਦਰਸ਼ਨ ਕਰਨ ਆਏ ਮਸੰਦਾਂ ਨੂੰ ਦਸਤਾਰ ਦੀ ਬਖ਼ਸ਼ਿਸ਼ ਕਰਕੇ ਵਿਦਾ ਕੀਤਾ ਜਾਂਦਾ ਸੀ।

ਭਾਈ ਚੌਪਾ ਸਿੰਘ ਨੇ ਵੀ ਦਸਤਾਰ ਬਾਰੇ ਲਿਿਖਆ ਹੈ।
ਪੱਗ ਰਾਤੀਂ ਲਾਹ ਕੇ ਸੌਵੇਂ, ਸੋ ਭੀ ਤਨਖਾਹੀਆ।
ਨੰਗੇ ਕੇਸੀਂ ਫਿਰੇ ਰਵਾਲ ਪਾਏ, ਸੋ ਭੀ ਤਨਖਾਹੀਆ।
ਨੰਗੇ ਕੇਸੀਂ ਮਾਰਗ ਟੁਰੇ, ਸੋ ਭੀ ਤਨਖਾਹੀਆ।
ਨੰਗੇ ਕੇਸੀਂ ਭੋਜਨ ਕਰੇ, ਸੋ ਭੀ ਤਨਖਾਹੀਆ।

ਦਸਤਾਰ ਸਿੱਖ ਦੀ ਇੱਜ਼ਤ ਤੇ ਅਣਖ ਦੀ ਪ੍ਰਤੀਕ ਹੈ। ਇਹ ਗੱਲ ਆਮ ਸੁਣਨ ਵਿੱਚ ਆਉਂਦੀ ਹੈ ਕਿ ਦੇਖੀਂ ! ਪੱਗ ਨੂੰ ਦਾਗ਼ ਨਾ ਲੱਗਣ ਦੇਈਂ। ਅੱਜ ਨੌਜਵਾਨ ਆਪਣੇ ਅਮੀਰ ਵਿਰਸੇ ਤੋਂ ਅਨਜਾਣ, ਗੁੰਮਰਾਹ ਹੋ ਕੇ ਧੜਾ-ਧੜ ਕੇਸਾਂ ਦੀ ਬੇਅਦਬੀ ਕਰ ਰਹੇ ਹਨ। ਕਈ ਨੌਜਵਾਨਾਂ, ਵਿਅਕਤੀਆਂ ਨੇ ਕੇਸ ਰੱਖੇ ਹੁੰਦੇ ਹਨ, ਦਾੜ੍ਹੀ ਕੱਟੀ ਹੁੰਦੀ ਹੈ ਜਾਂ ਕਰਲ ਕੀਤੀ ਹੁੰਦੀ ਹੈ ਜਾਂ ਟ੍ਰਿਮ ਕਰਦੇ ਹਨ ਪਰ ਉਹ ਸਿਰ ਤੇ ਦਸਤਾਰ ਸਜਾਉਂਦੇ ਹਨ। ਕਈ ਵਿਅਕਤੀ ਸਿਰ ਤੇ ਦਸਤਾਰ ਸਜਾਉਂਦੇ ਹਨ, ਦਾੜ੍ਹੀ ਵੀ ਖੁੱਲ੍ਹੀ ਤੇ ਲੰਮੀ ਰੱਖੀ ਹੁੰਦੀ ਹੈ। ਤਮਾਕੂ, ਪਾਨ ਚੱਬਦੇ ਵੇਖੇ ਹਨ, ਸ਼ਰਾਬ ਪੀਂਦੇ ਹਨ। ਲਾਹਨਤ ਹੈ ਅਜਿਹੀ ਜਵਾਨੀ ਤੇ, ਚੰਗੇ ਭਲੇ ਗੁਰਸਿੱਖ ਪਰਿਵਾਰਾਂ ਦੇ ਨੌਜਵਾਨ, ਕਾਲਜੀਏਟ ਅਤੇ ਫੈਕਟਰੀਆਂ ਵਿੱਚ ਕੰਮ ਕਰਨ ਵਾਲਿਆਂ ਨੂੰ ਵੇਖ ਕੇ ਹੈਰਾਨ ਹੋ ਜਾਈਦਾ ਹੈ ਕਿ ਐਡਾ ਸੋਹਣਾ ਨੌਜਵਾਨ ਤੇ ਇਹੋ ਜਿਹੇ ਕਾਰੇ ਕਰਦਾ ਹੈ। ਸਿਰ ਉੱਤੇ ਦਸਤਾਰ ਹੋਵੇ ਤੇ ਹੱਥ ਵਿੱਚ ਸਿਗਰਟ ਜਾਂ ਬੀੜੀ ਹੋਵੇ ਤਾਂ ਸਹਿਜ ਸੁਭਾਅ ਹੀ ਮੂੰਹੋਂ ਨਿਕਲਦਾ ਹੈ ਕਿ ‘ਕੀ ਥੁੜਿਆ ਪਿਐ ਹੈ ਅਜਿਹੇ ਜੀਣ ਖੁਣੋਂ?’

ਧਾਰਮਿਕ ਸਕੂਲਾਂ ਵਿੱਚ ਬੱਚੇ ਛੋਟੀ ਦਸਤਾਰ ਸਜਾ ਕੇ ਆਉਂਦੇ ਹਨ। ਚਾਹੀਦਾ ਤਾਂ ਇਹ ਹੈ ਕਿ ਹਰੇਕ ਸਕੂਲ ਵਿੱਚ ਗੁਰਸਿੱਖ ਬੱਚੇ ਪਟਕੇ ਦੀ ਥਾਂ ਦਸਤਾਰ ਸਜਾ ਕੇ ਆਉਣ। ਦੇਸ਼ਾਂ-ਵਿਦੇਸ਼ਾਂ ਵਿੱਚ ਕਈ ਸਕੂਲਾਂ, ਕਾਲਜਾਂ ਵਿੱਚ ਦਸਤਾਰਧਾਰੀ ਲੜਕਾ ਲੜਕੀ ਨੂੰ ਦਾਖ਼ਲਾ ਵੀ ਨਹੀਂ ਦਿੱਤਾ ਜਾਂਦਾ। ਵਿਦੇਸ਼ਾਂ ਵਿੱਚ ਕਈ ਵਿੱਦਿਅਕ ਅਦਾਰਿਆਂ ਵਿੱਚ ਦਸਤਾਰ ਸਜਾ ਕੇ ਆਉਣ ਦੀ ਮਨਾਹੀ ਹੈ। ਇਸ ਲਈ ਪੰਥ ਦੀਆਂ ਸਿਰਮੌਰ ਜਥੇਬੰਦੀਆਂ ਨੂੰ ਇਸ ਸੰਬੰਧੀ ਆਵਾਜ਼ ਉਠਾ ਕੇ ਦਸਤਾਰ ਦੀ ਮਹਾਨਤਾ ਬਾਰੇ ਜਾਣੂ ਕਰਵਾਉਣਾ ਚਾਹੀਦਾ ਹੈ।

ਗੁਰਦੁਆਰਾ ਦਸਤਾਰ ਅਸਥਾਨ ਪਾਉਂਟਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ/ਸੇਵਕਾਂ ਵਿੱਚ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਇਆ ਕਰਦੇ ਸਨ। ਸਭ ਤੋਂ ਸੁੰਦਰ ਦਸਤਾਰ ਸਜਾਉਣ ਵਾਲੇ ਨੂੰ ਇਨਾਮ ਤੇ ਸਨਮਾਨ ਦਿੰਦੇ ਸਨ।

ਗੁਰਮਤਿ ਵਿੱਚ ਦਸਤਾਰ ਦੀ ਵਿਸ਼ੇਸ਼ ਮਹਾਨਤਾ ਹੈ। ‘ਸਾਬਤ ਸੂਰਤ ਦਸਤਾਰ ਸਿਰਾ’। ਦਸਤਾਰ ਬੰਨ੍ਹਣੀ ਸਿਖਾਉਣ ਲਈ ਅੱਜ ਬਜ਼ਾਰਾਂ ਵਿੱਚ ਥਾਂ-ਥਾਂ ਦੁਕਾਨਾਂ ਖੁੱਲ੍ਹੀਆਂ ਹੋਈਆਂ ਹਨ। ਬੱਚੇ, ਨੌਜਵਾਨ ਸੋਹਣੀ ਤੇ ਸੁੰਦਰ ਦਸਤਾਰ ਬੰਨ੍ਹਣ ਲਈ ਮਾਇਆ ਵੀ ਖ਼ਰਚ ਕਰਦੇ ਹਨ।
ਪੂਰੀ ਦੁਨੀਆਂ ਨੂੰ ਦਸਤਾਰ ਦੀ ਮਹੱਤਤਾ ਬਾਰੇ ਜਾਣੂ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਬਜਟ ਵਿੱਚ ਖਾਲਸੇ ਦੀ ਜਨਮ-ਭੂਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ‘ਦਸਤਾਰ ਅਜਾਇਬ ਘਰ’ ਬਣਾਉਣ ਦੀ ਚੋਣ ਕੀਤੀ ਗਈ ਹੈ । ਦਸਤਾਰ ਅਜਾਇਬ ਘਰ ਦੀ ਇਮਾਰਤ ਦਾ ਡਿਜ਼ਾਈਨ ਵੀ ਦਸਤਾਰ ਦੀ ਤਰ੍ਹਾਂ ਦਾ ਹੋਵੇਗਾ । ਅਜਾਇਬ ਘਰ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਦਸਤਾਰਾਂ ਦਾ ਮਹੱਤਵ ਦਰਸਾਇਆ ਜਾਵੇਗਾ। ਪਟਿਆਲਾ ਸ਼ਾਹੀ ਦਸਤਾਰ, ਨਿਹੰਗ ਸਿੰਘਾਂ ਦੇ ਸਿਰ ਦਾ ਤਾਜ ਦੁਮਾਲਾ, ਪਗੜੀ ਅਤੇ ਵੱਖ-ਵੱਖ ਧਰਮਾਂ ਵਿੱਚ ਸਿਰਾਂ ਉੱਤੇ ਬੰਨੀਆਂ ਜਾਣ ਵਾਲੀ ਦਸਤਾਰਾਂ ਅਤੇ ਉਹਨਾਂ ਦਾ ਮਹੱਤਵ ਦੱਸਿਆ ਜਾਵੇਗਾ ।

ਅੱਜ 12 ਅਪ੍ਰੈਲ ਨੂੰ ਦਸਤਾਰ ਦਿਵਸ ’ਤੇ ਹਰ ਗੁਰਸਿੱਖ ਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਗੁੰਮਰਾਹ ਹੋਏ ਨੌਜਵਾਨਾਂ ਨੂੰ ਪ੍ਰੇਰ ਕੇ ਸਿੱਖੀ ਸਰੂਪ ਵਿੱਚ ਸ਼ਾਮਲ ਕਰੇਗਾ ਤੇ ਦਸਤਾਰ ਸਜਾਉਣ ਲਈ ਪ੍ਰੇਰਿਤ ਕਰੇ।

 

ਕਰਨੈਲ ਸਿੰਘ ਐੱਮ.ਏ.

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments