Home ਪੰਜਾਬ  ਬੀਤੀ ਦੇਰ ਰਾਤ ਮੋਗਾ ‘ਚ ਮਾਮੂਲੀ ਝਗੜੇ ਦੇ ਕਾਰਨ ਬੇਰਹਿਮੀ ਨਾਲ ਨੌਜਵਾਨ...

 ਬੀਤੀ ਦੇਰ ਰਾਤ ਮੋਗਾ ‘ਚ ਮਾਮੂਲੀ ਝਗੜੇ ਦੇ ਕਾਰਨ ਬੇਰਹਿਮੀ ਨਾਲ ਨੌਜਵਾਨ ਨੇ ਕੀਤਾ ਕਤਲ

0

ਮੋਗਾ : ਬੀਤੀ ਦੇਰ ਰਾਤ ਮੇਨ ਬਜ਼ਾਰ ਮੋਗਾ ਸਥਿਤ ਚੱਕੀਆਂਵਾਲਾ ਅਹਾਤੇ ਦੇ ਵਸਨੀਕ ਸਤਪਾਲ ਸਿੰਘ (Satpal Singh) ਉਰਫ ਗੱਗੂ (35) ਦਾ ਇੱਕ ਮਾਮੂਲੀ ਝਗੜੇ ਦੇ ਕਾਰਨ ਇੱਕ ਨੌਜਵਾਨ ਵੱਲੋਂ ਲੱਕੜ ਦੇ ਡੰਡੇ ਨਾਲ ਸਿਰ ’ਤੇ ਵਾਰ ਕਰਕੇ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਪੁਲਿਸ ਨੇ ਮ੍ਰਿਤਕ ਦੇ ਭਤੀਜੇ ਗੋਪੀ ਚੰਦ ਵਾਸੀ ਚੱਕੀਆਂ ਵਾਲਾ ਅਹਾਤਾ, ਮੋਗਾ ਦੇ ਬਿਆਨਾਂ ਦੇ ਆਧਾਰ ‘ਤੇ ਕਥਿਤ ਦੋਸ਼ੀ ਸੰਜੀਵ ਕੁਮਾਰ ਉਰਫ ਕਾਕਾ ਵਾਸੀ ਚੱਕੀਆਂ ਵਾਲਾ ਅਹਾਤਾ, ਮੋਗਾ ਦੇ ਖ਼ਿਲਾਫ਼ ਥਾਣਾ ਸਿਟੀ ਸਾਊਥ ‘ਚ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਕਤਲ ਦੀ ਘਟਨਾ ਦਾ ਪਤਾ ਲੱਗਦਿਆਂ ਹੀ ਡੀ.ਐਸ.ਪੀ. ਸਿਟੀ ਰਵਿੰਦਰ ਸਿੰਘ ਅਤੇ ਥਾਣਾ ਸਿਟੀ ਸਾਊਥ ਦੇ ਇੰਚਾਰਜ ਇੰਸਪੈਕਟਰ ਪ੍ਰਤਾਪ ਸਿੰਘ ਨੇ ਪੁਲਿਸ ਪਾਰਟੀ ਸਮੇਤ ਉਥੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕਰਨ ਤੋਂ ਇਲਾਵਾ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕੀਤੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਸਿਟੀ ਰਵਿੰਦਰ ਸਿੰਘ ਅਤੇ ਇੰਸਪੈਕਟਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਸਤਪਾਲ ਸਿੰਘ ਉਰਫ ਗੱਗੂ ਪਿਛਲੇ ਕਈ ਸਾਲਾਂ ਤੋਂ ਮੇਨ ਬਜ਼ਾਰ ਮੋਗਾ ਸਥਿਤ ਬਰਤਨ ਸਟੋਰ ‘ਤੇ ਕੰਮ ਕਰਦਾ ਸੀ। ਬੀਤੇ ਦਿਨ ਉਹ ਇਹ ਕਹਿ ਕੇ ਘਰੋਂ ਨਿਕਲਿਆ ਸੀ ਕਿ ਉਸ ਦੀ ਦੁਕਾਨ ਤੋਂ ਸਾਮਾਨ ਆਉਣਾ ਹੈ ਅਤੇ ਅਸੀਂ ਉਨ੍ਹਾਂ ਨੂੰ ਉਤਾਰਨਾ ਹੈ ਅਤੇ ਮੈਂ ਦੇਰ ਨਾਲ ਘਰ ਆਵਾਂਗਾ। ਜਦੋਂ ਉਹ ਰਾਤ ਨੂੰ ਘਰ ਨਹੀਂ ਆਇਆ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਕੀਤੀ ਤਾਂ ਦੇਖਿਆ ਕਿ ਨੌਜਵਾਨ ਦੀ ਲਾਸ਼ ਪਈ ਸੀ, ਜਿਸ ਦੇ ਨੇੜੇ ਕਾਫੀ ਲੋਕ ਇਕੱਠੇ ਹੋ ਗਏ ਸਨ। ਜਦੋਂ ਉਹ ਉਥੇ ਪਹੁੰਚਿਆ ਤਾਂ ਦੇਖਿਆ ਕਿ ਇਹ ਲਾਸ਼ ਸਤਪਾਲ ਗੱਗੂ ਦੀ ਸੀ, ਜਿਸ ‘ਤੇ ਉਸ ਨੇ ਪੁਲਸ ਨੂੰ ਸੂਚਨਾ ਦਿੱਤੀ।

ਡੀ.ਐਸ.ਪੀ. ਸਿਟੀ ਰਵਿੰਦਰ ਸਿੰਘ ਨੇ ਦੱਸਿਆ ਕਿ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਦੀ ਜਾਂਚ ਕੀਤੀ ਗਈ ਤਾਂ ਦੇਖਿਆ ਗਿਆ ਕਿ ਇਕ ਨੌਜਵਾਨ ਸਤਪਾਲ ਗੱਗੂ ਦੇ ਸਿਰ ‘ਤੇ ਲੱਕੜ ਦੇ ਡੰਡੇ ਨਾਲ ਵਾਰ ਕਰ ਰਿਹਾ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਸੀ.ਸੀ.ਟੀ.ਵੀ ਫੁਟੇਜ ਦੇ ਆਧਾਰ ‘ਤੇ ਜਦੋਂ ਜਾਂਚ ਸ਼ੁਰੂ ਕੀਤੀ ਗਈ ਤਾਂ ਸੰਜੀਵ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਜਾਂਚ ਅਧਿਕਾਰੀ ਇੰਸਪੈਕਟਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਉਹ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕਤਲ ਦਾ ਅਸਲ ਕਾਰਨ ਕੀ ਹੈ। ਜਲਦ ਹੀ ਕਥਿਤ ਦੋਸ਼ੀਆਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਪਤਾ ਲੱਗੇਗਾ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਨੂੰ ਪੁੱਛਗਿੱਛ ਤੋਂ ਬਾਅਦ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

NO COMMENTS

LEAVE A REPLY

Please enter your comment!
Please enter your name here

Exit mobile version