Home ਪੰਜਾਬ ਟਰਾਂਸਪੋਰਟ ਵਿਭਾਗ ਨੇ ਦਿੱਲੀ ਏਅਰਪੋਰਟ ’ਤੇ ਜਾਣ ਵਾਲੇ ਯਾਤਰੀਆਂ ਨੂੰ ਦਿੱਤੀ ਵੱਡੀ...

ਟਰਾਂਸਪੋਰਟ ਵਿਭਾਗ ਨੇ ਦਿੱਲੀ ਏਅਰਪੋਰਟ ’ਤੇ ਜਾਣ ਵਾਲੇ ਯਾਤਰੀਆਂ ਨੂੰ ਦਿੱਤੀ ਵੱਡੀ ਰਾਹਤ

0

ਜਲੰਧਰ : ਦਿੱਲੀ ਏਅਰਪੋਰਟ ’ਤੇ ਜਾਣ ਵਾਲੇ ਯਾਤਰੀਆਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਮੱਦੇਨਜ਼ਰ ਰੱਖਦਿਆਂ ਟਰਾਂਸਪੋਰਟ ਵਿਭਾਗ (The Transport Department) ਵੱਲੋਂ 2 ਸਰਕਾਰੀ ਵੋਲਵੋ ਬੱਸਾਂ (2 Government Volvo Buses) ਦੀ ਆਵਾਜਾਈ ਸ਼ੁਰੂ ਕੀਤੀ ਗਈ ਹੈ। ਪੰਜਾਬ ਰੋਡਵੇਜ਼ ਡਿਪੂ-1 ਦੇ ਜੀ. ਐੱਮ. ਮਨਿੰਦਰ ਸਿੰਘ ਨੇ ਦੱਸਿਆ ਕਿ ਦੁਪਹਿਰ 1 ਵਜੇ ਅਤੇ ਰਾਤ 8.30  ਵਜੇ ਦਿੱਲੀ ਏਅਰਪੋਰਟ ’ਤੇ ਵੋਲਵੋ ਬੱਸਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਯਾਤਰੀ ਇਸਦੇ ਲਈ ਆਨਲਾਈਨ ਬੁਕਿੰਗ ਵੀ ਕਰ ਸਕਦੇ ਹਨ।

ਅਧਿਕਾਰੀਆਂ ਨੇ ਕਿਹਾ ਕਿ ਪੰਜਾਬ-ਹਰਿਆਣਾ ਬਾਰਡਰ ’ਤੇ ਚੱਲ ਰਹੇ ਕਿਸਾਨਾਂ ਦੇ ਵਿਰੋਧ ਕਾਰਨ ਦਿੱਲੀ ਜਾਣ ਵਾਲੇ ਸਿੱਧੇ ਰਸਤੇ ਬੰਦ ਪਏ ਹਨ, ਜਿਸ ਕਾਰਨ ਦਿੱਲੀ ਜਾਣ ਵਾਲੀਆਂ ਸਰਕਾਰੀ ਬੱਸਾਂ ਦੀ ਆਵਾਜਾਈ ਵਿਭਾਗ ਵੱਲੋਂ ਬੰਦ ਕੀਤੀ ਗਈ ਸੀ ਪਰ ਪ੍ਰਾਈਵੇਟ ਬੱਸਾਂ ਲਗਾਤਾਰ ਚੱਲ ਰਹੀਆਂ ਹਨ, ਜਿਸ ਨੂੰ ਮੱਦੇਨਜ਼ਰ ਰੱਖਦਿਆਂ ਸਰਕਾਰੀ ਬੱਸਾਂ ਦੀ ਆਵਾਜਾਈ ਸ਼ੁਰੂ ਕਰਵਾਈ ਗਈ ਹੈ। ਜੀ. ਐੱਮ. ਮਨਿੰਦਰ ਸਿੰਘ ਨੇ ਕਿਹਾ ਕਿ ਫਿਲਹਾਲ 2 ਬੱਸਾਂ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਕਾਰਨ 20 ਤੋਂ ਘੱਟ ਸਵਾਰੀਆਂ ਨਾਲ ਪਹਿਲੀ ਬੱਸ ਨੂੰ ਰਵਾਨਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਮੰਗ ਜ਼ਿਆਦਾ ਹੈ, ਜਿਸ ਕਾਰਨ ਲੋਕਾਂ ਦਾ ਉਤਸ਼ਾਹ ਵਧਣ ਦੀ ਉਮੀਦ ਹੈ। ਫਿਲਹਾਲ 2 ਬੱਸਾਂ ਚਲਾਈਆਂ ਗਈਆਂ ਹਨ, ਜਦੋਂ ਕਿ ਰਿਸਪਾਂਸ ਦੇ ਅਨੁਸਾਰ ਬੱਸਾਂ ਦੀ ਗਿਣਤੀ ਤੁਰੰਤ ਪ੍ਰਭਾਵ ਨਾਲ ਵਾਧਾ ਕਰ ਦਿੱਤਾ ਜਾਵੇਗਾ।

ਅਧਿਕਾਰੀਆਂ ਨੇ ਕਿਹਾ ਕਿ ਪੰਜਾਬ ਵਿਚ ਐੱਨ. ਆਰ. ਆਈਜ਼ ਦੀ ਗਿਣਤੀ ਜ਼ਿਆਦਾ ਹੈ, ਜਦੋਂ ਕਿ ਦੋਆਬਾ ਨੂੰ ਐੱਨ. ਆਰ. ਆਈ. ਬੈਲਟ ਕਿਹਾ ਜਾਂਦਾ ਹੈ, ਜਿਸ ਕਾਰਨ ਇਥੋਂ ਦਿੱਲੀ ਏਅਰਪੋਰਟ ’ਤੇ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਕਿਤੇ ਜ਼ਿਆਦਾ ਹੁੰਦੀ ਹੈ। ਲਗਾਤਾਰ ਯਾਤਰੀਆਂ ਦੀ ਡਿਮਾਂਡ ਆ ਰਹੀ ਸੀ, ਜਿਸ ਨੂੰ ਦੇਖਦਿਆਂ ਬੱਸਾਂ ਨੂੰ ਚਲਾਉਣਾ ਜ਼ਰੂਰੀ ਹੋ ਗਿਆ ਸੀ। ਹਾਈਵੇਅ ਵਾਲਾ ਰਸਤਾ ਬੰਦ ਹੋਣ ਕਾਰਨ ਦੂਜੇ ਰੂਟ ਜ਼ਰੀਏ ਬੱਸਾਂ ਨੂੰ ਦਿੱਲੀ ਭੇਜਿਆ ਗਿਆ ਹੈ। ਲੰਮੇ ਰੂਟ ’ਤੇ ਬੱਸਾਂ ਦੇ ਜਾਣ ਕਾਰਨ ਵਿਭਾਗ ਨੂੰ ਲਾਭ ਘੱਟ ਹੋਣ ਦਾ ਅਨੁਮਾਨ ਹੈ ਪਰ ਇਸ ਨਾਲ ਯਾਤਰੀਆਂ ਨੂੰ ਰਾਹਤ ਮਿਲੀ ਹੈ। ਮੁੱਖ ਸਵਾਲ ਦਾ ਜਵਾਬ ਦਿੰਦਿਆਂ ਜੀ. ਐੱਮ. ਮਨਿੰਦਰ ਸਿੰਘ ਨੇ ਕਿਹਾ ਕਿ ਆਮ ਬੱਸਾਂ ਦੀ ਆਵਾਜਾਈ ਜਲਦ ਸ਼ੁਰੂ ਕੀਤੀ ਜਾਵੇਗੀ।

ਸਰਕਾਰੀ ਦੇ ਮੁਕਾਬਲੇ ਦੁੱਗਣਾ ਕਿਰਾਇਆ ਭਰ ਰਹੇ ਸਨ ਯਾਤਰੀ
ਮਹਾਨਗਰ ਤੋਂ ਚੱਲਣ ਵਾਲੀਆਂ ਪ੍ਰਾਈਵੇਟ ਵੋਲਵੋ ਬੱਸਾਂ ਵੱਲੋਂ ਸਰਕਾਰੀ ਬੱਸ ਦੇ ਮੁਕਾਬਲੇ ਦੁੱਗਣਾ ਕਿਰਾਇਆ ਲਿਆ ਜਾਂਦਾ ਰਿਹਾ ਹੈ, ਜਿਸ ਕਾਰਨ ਯਾਤਰੀਆਂ ਵੱਲੋਂ ਸਰਕਾਰੀ ਬੱਸਾਂ ਨੂੰ ਚਲਾਉਣ ਦੀ ਮੰਗ ਰੱਖੀ ਜਾ ਰਹੀ ਸੀ। ਬੱਸ ਜ਼ਰੀਏ ਜਾਣ ਵਾਲੇ ਯਾਤਰੀਆਂ ਦਾ ਕਹਿਣਾ ਸੀ ਕਿ ਵਿਭਾਗ ਨੇ ਬੱਸਾਂ ਦੀ ਆਵਾਜਾਈ ਸ਼ੁਰੂ ਕਰ ਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਇਸ ਨਾਲ ਏਅਰਪੋਰਟ ’ਤੇ ਜਾਣਾ ਆਸਾਨ ਹੋ ਗਿਆ ਹੈ ਅਤੇ ਕਿਰਾਇਆ ਵੀ ਵਾਜਿਬ ਲੱਗ ਰਿਹਾ ਹੈ।

ਆਨਲਾਈਨ ਬੁੱਕ ਕਰਵਾਉਣ ਦਾ ਹੁੰਦਾ ਹੈ ਫਾਇਦਾ
ਅਧਿਕਾਰੀਆਂ ਦਾ ਕਹਿਣਾ ਹੈ ਕਿ ਬੱਸ ਅੱਡੇ ’ਤੇ ਆਨ ਦਿ ਸਪਾਟ ਸੀਟਾਂ ਬੁੱਕ ਕਰਨ ਦੀ ਸੁਵਿਧਾ ਵੀ ਉਪਲੱਬਧ ਹੈ ਪਰ ਜੇਕਰ ਆਨਲਾਈਨ ਸੀਟਾਂ ਭਰ ਜਾਂਦੀਆਂ ਹਨ ਤਾਂ ਮੌਕੇ ’ਤੇ ਸੀਟ ਮਿਲਣਾ ਮੁਸ਼ਕਲ ਹੋ ਸਕਦਾ ਹੈ, ਇਸ ਲਈ ਯਾਤਰੀਆਂ ਨੂੰ ਆਨਲਾਈਨ ਟਿਕਟ ਬੁੱਕ ਕਰਵਾਉਣ ਲਈ ਕਿਹਾ ਜਾਂਦਾ ਹੈ। ਇਸ ਨਾਲ ਯਾਤਰੀਆਂ ਦੀਆਂ ਟਿਕਟਾਂ ਕਨਫਰਮ ਹੋ ਜਾਂਦੀਆਂ ਹਨ ਅਤੇ ਦਿੱਕਤ ਪੇਸ਼ ਨਹੀਂ ਆਉਂਦੀ।

NO COMMENTS

LEAVE A REPLY

Please enter your comment!
Please enter your name here

Exit mobile version