ਨਗਰ ਨਿਗਮ ਨੇ ਨਾਜਾਇਜ਼ ਫਾਰਮ ਹਾਊਸ ਦੇ ਦਸਤਾਵੇਜ਼ ਕੀਤੇ ਤਲਬ

0
250

ਜਲੰਧਰ : ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਭਾਵੇਂ ਸਪੱਸ਼ਟ ਚਿਤਾਵਨੀ ਜਾਰੀ ਕੀਤੀ ਹੋਈ ਹੈ ਕਿ ਹੁਣ ਪੰਜਾਬ ਵਿਚ ਕਿਸੇ ਨੂੰ ਵੀ ਨਾਜਾਇਜ਼ ਕਾਲੋਨੀ ਕੱਟਣ ਨਹੀਂ ਦਿੱਤੀ ਜਾਵੇਗੀ ਪਰ ਹਾਲਾਤ ਇਹ ਹਨ ਕਿ ਜਲੰਧਰ ਦੇ ਕਾਲੋਨਾਈਜ਼ਰਾਂ ਨੇ ਮੁੱਖ ਮੰਤਰੀ ਦੇ ਹੁਕਮਾਂ ਨੂੰ ਮੰਨਣ ਤੋਂ ਲਗਭਗ ਇਨਕਾਰ ਕਰ ਦਿੱਤਾ ਹੈ।

ਅੱਜ ਵੀ ਮਿੱਠਾਪੁਰ-ਖਾਂਬਰਾ ਇਲਾਕੇ ਵਿਚ ਸ਼ਰੇਆਮ ਨਾਜਾਇਜ਼ ਕਾਲੋਨੀਆਂ ਕੱਟੀਆਂ ਜਾ ਰਹੀਆਂ ਹਨ, ਜਿਸ ਨਾਲ ਸਰਕਾਰੀ ਰੈਵੇਨਿਊ ਨੂੰ ਕਰੋੜਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ। ਇਸ ਇਲਾਕੇ ਵਿਚ ਜਲੰਧਰ ਐਨਕਲੇਵ ਤੋਂ ਜਿਹੜੀ ਸੜਕ ਮਿੱਠਾਪੁਰ ਰੋਡ ਤੋਂ ਹੁੰਦੇ ਹੋਏ ਪਿੰਡ ਖਾਂਬਰਾ ਵੱਲ ਜਾਂਦੀ ਹੈ, ਉਥੇ ਸੜਕ ਕੰਢੇ ਸ਼ਰੇਆਮ ਨਾਜਾਇਜ਼ ਕਾਲੋਨੀ ਕੱਟੀ ਜਾ ਰਹੀ ਹੈ।

ਖਾਂਬਰਾ ਇਲਾਕੇ ਵਿਚ ਹੀ ਇਨ੍ਹੀਂ ਦਿਨੀਂ ਸ਼ਰੇਆਮ 100-100, 50-50 ਮਰਲੇ ਦੇ ਫਾਰਮ ਹਾਊਸ ਤਿਆਰ ਕੀਤੇ ਜਾ ਰਹੇ ਹਨ, ਜਿਨ੍ਹਾਂ ਦਾ ਮੁੱਲ ਕਰੋੜਾਂ ਰੁਪਏ ਵਿਚ ਹੈ ਪਰ ਉਨ੍ਹਾਂ ਵਿਚੋਂ ਵਧੇਰੇ ਨਾਜਾਇਜ਼ ਹਨ। ਨਗਰ ਨਿਗਮ ਦੀ ਇਕ ਟੀਮ ਨੇ ਅੱਜ ਏ. ਟੀ. ਪੀ. ਸੁਖਦੇਵ ਵਸ਼ਿਸ਼ਟ, ਵਰਿੰਦਰ ਕੌਰ, ਕਮਲ ਭਾਨ ਅਤੇ ਹਨੀ ਥਾਪਰ ਦੀ ਅਗਵਾਈ ਵਿਚ ਉਸਾਰੀ ਅਧੀਨ 2 ਫਾਰਮ ਹਾਊਸ ਚੈੱਕ ਕੀਤੇ।

ਇਨ੍ਹਾਂ ਵਿਚੋਂ ਇਕ ਫਾਰਮ ਹਾਊਸ ਗੁਰਦੀਪ ਸਿੰਘ ਐਗਰੋ ਫਾਰਮ ਨੇੜੇ ਤਿਆਰ ਕੀਤਾ ਜਾ ਰਿਹਾ ਸੀ ਅਤੇ ਦੂਜਾ ਗਲੈਨਮੋਰ ਕਾਲੋਨੀ ਨੇੜੇ ਹੈ। ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਹੀ ਫਾਰਮ ਹਾਊਸਾਂ ਦਾ ਕੋਈ ਨਕਸ਼ਾ ਪਾਸ ਨਹੀਂ ਹੈ ਅਤੇ ਉਥੇ ਹਜ਼ਾਰਾਂ ਫੁੱਟ ਨਿਰਮਾਣ ਕੀਤਾ ਜਾ ਚੁੱਕਾ ਹੈ। ਉਥੇ ਨਿਰਮਾਣ ਦਾ ਕੰਮ ਰੁਕਵਾ ਦਿੱਤਾ ਗਿਆ ਹੈ ਅਤੇ ਦਸਤਾਵੇਜ਼ ਤਲਬ ਕੀਤੇ ਗਏ ਹਨ।

ਜ਼ਿਕਰਯੋਗ ਹੈ ਕਿ ਨਗਰ ਨਿਗਮ ਦੀ ਇਸੇ ਟੀਮ ਨੇ ਕੁਝ ਦਿਨ ਪਹਿਲਾਂ ਭੱਟੀ ਕੋਲਡ ਸਟੋਰ ਅਲੀਪੁਰ ਨੇੜੇ ਨਾਜਾਇਜ਼ ਢੰਗ ਨਾਲ ਬਣ ਰਹੇ ਇਕ ਫਾਰਮ ਹਾਊਸ ਨੂੰ ਨੋਟਿਸ ਜਾਰੀ ਕੀਤਾ ਸੀ, ਜਿਸ ਦੇ ਮਾਲਕ ਵੱਲੋਂ ਹੁਣ 11 ਲੱਖ ਰੁਪਏ ਤੋਂ ਵੱਧ ਰਾਸ਼ੀ ਨਿਗਮ ਦੇ ਖਜ਼ਾਨੇ ਵਿਚ ਜਮ੍ਹਾ ਕਰਵਾਈ ਜਾ ਰਹੀ ਹੈ। ਹੁਣ ਦੇਖਣਾ ਹੈ ਕਿ ਜੇਕਰ ਇਹ ਦੋਵੇਂ ਫਾਰਮ ਹਾਊਸ ਨਾਜਾਇਜ਼ ਪਾਏ ਜਾਂਦੇ ਹਨ ਤਾਂ ਇਸ ਨਾਲ ਨਿਗਮ ਨੂੰ ਕਿੰਨਾ ਰੈਵੇਨਿਊ ਪ੍ਰਾਪਤ ਹੋਵੇਗਾ।

LEAVE A REPLY

Please enter your comment!
Please enter your name here