ਚਰਖੀ ਦਾਦਰੀ : ਦੇਸ਼ ‘ਚ ਵਧਦੀ ਮਹਿੰਗਾਈ ਦਾ ਅਸਰ ਹੁਣ ਰਿਸ਼ਵਤ ਦੀ ਰਕਮ ‘ਤੇ ਵੀ ਦਿਖਾਈ ਦੇ ਰਿਹਾ ਹੈ। ਤਾਜ਼ਾ ਮਾਮਲਾ ਚਰਖੀ ਦਾਦਰੀ ( Charkhi Dadri) ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਹੋਟਲ ‘ਤੇ ਛਾਪੇਮਾਰੀ ਕਰਦੇ ਹੋਏ ਲੋਡ ਘੱਟ ਕਰਨ ਦੇ ਬਦਲੇ ਵਿੱਚ ਬਿਜਲੀ ਨਿਗਮ ਦੇ ਫੋਰਮੈਨ ਅਤੇ ਜੇਈ ਵੱਲੋਂ 10,000 ਰੁਪਏ ਦੀ ਰਿਸ਼ਵਤ ਲੈਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ। ਜਿਸ ਵਿੱਚ ਬਿਜਲੀ ਮੁਲਾਜ਼ਮ 10 ਹਜ਼ਾਰ ਰੁਪਏ ਲੈਂਦੇ ਹੋਏ ਸਾਫ਼ ਨਜ਼ਰ ਆ ਰਹੇ ਹਨ। ਹਾਲਾਂਕਿ ਬਿਜਲੀ ਮੁਲਾਜ਼ਮਾਂ ਵੱਲੋਂ 50 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ ਸੀ। ਰਿਸ਼ਵਤ ਲੈਂਦਿਆਂ ਬਿਜਲੀ ਮੁਲਾਜ਼ਮਾਂ ਦੀ ਵੀਡੀਓ ਸਮੇਤ ਸ਼ਿਕਾਇਤਕਰਤਾ ਵੱਲੋਂ ਐਸਪੀ ਨੂੰ ਦਿੱਤੀ ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਨੇ ਬਿਜਲੀ ਨਿਗਮ ਦੇ ਫੋਰਮੈਨ ਅਤੇ ਜੇਈ ਖ਼ਿਲਾਫ਼ ਭ੍ਰਿਸ਼ਟਾਚਾਰ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਚਰਖੀ ਦਾਦਰੀ ਦੇ ਲੋਹਾਰੂ ਰੋਡ, ਦੀ ਰਹਿਣ ਵਾਲੀ ਇੱਕ ਔਰਤ ਨੇ ਬਿਜਲੀ ਵਿਭਾਗ ਦੇ ਜੇ.ਈ ਅਤੇ ਫੋਰਮੈਨ ‘ਤੇ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦਾ ਦੋਸ਼ ਲਗਾਇਆ ਹੈ। ਮਹਿਲਾ ਅਤੇ ਉਸ ਦੇ ਲੜਕੇ ਵਿਕਾਸ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਸ਼ਹਿਰ ਦੇ ਲੋਹਾਰੂ ਰੋਡ ‘ਤੇ ਇੱਕ ਹੋਟਲ ਰੱਖਿਆ ਹੋਇਆ ਹੈ ਅਤੇ ਉਨ੍ਹਾਂ ਦੀ ਰਿਹਾਇਸ਼ ਵੀ ਉੱਥੇ ਹੀ ਹੈ। 26 ਦਸੰਬਰ ਦੀ ਸਵੇਰ ਨੂੰ ਫੋਰਮੈਨ ਨਵਰਤਨ ਆਪਣੀ ਟੀਮ ਨਾਲ ਉਨ੍ਹਾਂ ਦੇ ਹੋਟਲ ‘ਤੇ ਛਾਪਾ ਮਾਰਨ ਆਇਆ ਸੀ। ਔਰਤ ਨੇ ਦੱਸਿਆ ਕਿ ਉਸ ਨੇ 12 ਦਸੰਬਰ ਨੂੰ ਦਸ ਕਿਲੋਵਾਟ ਲੋਡ ਲਈ ਅਪਲਾਈ ਕੀਤਾ ਸੀ ਅਤੇ 20 ਦਸੰਬਰ ਨੂੰ ਮਨਜ਼ੂਰ ਹੋ ਗਿਆ ਸੀ। ਦੋਸ਼ ਹੈ ਕਿ ਫੋਰਮੈਨ ਨੇ ਜੇਈ ਸੁਮਿਤ ਦੀ ਮਿਲੀਭੁਗਤ ਨਾਲ ਉਸ ਦੇ ਹੋਟਲ ‘ਤੇ ਛਾਪਾ ਮਾਰਿਆ ਅਤੇ ਫਿਰ ਐਲਐਲ-1 ਨਾ ਭਰਨ ਲਈ 50,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ। ਔਰਤ ਨੇ ਦੱਸਿਆ ਕਿ ਦਸ ਹਜ਼ਾਰ ਰੁਪਏ ਉਸ ਨੇ ਜੇਈ ਡਰਾਈਵਰ ਦੇ ਇੱਕ ਜਾਣਕਾਰ ਨੂੰ ਦਿੱਤੇ ਅਤੇ ਇਸ ਦੀ ਵੀਡੀਓ ਵੀ ਉਸ ਕੋਲ ਹੈ। ਵਾਇਰਲ ਹੋਈ ਵੀਡੀਓ ਅਤੇ ਸ਼ਿਕਾਇਤ ਦੇ ਆਧਾਰ ‘ਤੇ ਸਿਟੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।