ਮੁੰਬਈ : ਅਯੁੱਧਿਆ (Ayodhya) ‘ਚ ਰਾਮ ਮੰਦਰ ਸਥਾਪਨਾ ਸਮਾਰੋਹ ਤੋਂ ਪਹਿਲਾਂ ‘ਬਾਡੀਗਾਰਡ’ (Bodyguard) ਅਤੇ ‘ਕੇਜੀਐਫ: ਚੈਪਟਰ 2’(KGF: Chapter 2) ਵਰਗੀਆਂ ਫਿਲਮਾਂ ਲਈ ਗੀਤ ਲਿਖਣ ਵਾਲੇ ਗੀਤਕਾਰ ਸ਼ਬੀਰ ਅਹਿਮਦ (Shabir Ahmed) ਦੋ ਭਗਤੀ ਗੀਤ ਰਿਲੀਜ਼ ਕਰਨਗੇ। ਉੱਤਰ ਪ੍ਰਦੇਸ਼ ਦੇ ਅਯੁੱਧਿਆ ‘ਚ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ 22 ਜਨਵਰੀ ਨੂੰ ਹੋਣ ਵਾਲਾ ਹੈ, ਜਿਸ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਪ੍ਰਮੁੱਖ ਲੋਕ ਮੌਜੂਦ ਰਹਿਣਗੇ। ਬਾਲੀਵੁੱਡ ਗੀਤਕਾਰ ਅਤੇ ਸੰਗੀਤਕਾਰ ਸ਼ਬੀਰ ਅਹਿਮਦ ਇਸ ਹਫਤੇ ਯੂਟਿਊਬ ‘ਤੇ ‘ਰਘੁਪਤੀ ਰਾਘਵ ਰਾਜਾ ਰਾਮ’ ਅਤੇ ‘ਘਰ ਮੇਰੇ ਆਇਆ ਹੈ ਰਾਮ ਰਮਈਆ’ ਸਿਰਲੇਖ ਵਾਲੇ ‘ਭਜਨ’ ਰਿਲੀਜ਼ ਕਰਨਗੇ। ਉਹ ਪਹਿਲਾਂ ਹੀ ‘ਮੇਰੇ ਘਰ ਦਾ ਕੋਨਾ, ਰਾਮ ਨਾਮ ਤੋਂ ਜਗਮਗ ਹੈ’ ਰਿਲੀਜ਼ ਕਰ ਚੁੱਕੇ ਹਨ।
ਇਨ੍ਹਾਂ ਭਜਨਾਂ ਰਾਹੀਂ ਮੈਂ ਸ਼ਰਧਾਂਜਲੀ ਦੇ ਰਿਹਾ ਹਾਂ: ਸ਼ਬੀਰ ਅਹਿਮਦ
ਉਨ੍ਹਾਂ ਕਿਹਾ ਕਿ ਇਨ੍ਹਾਂ ਭਜਨਾਂ ਰਾਹੀਂ ਉਹ ਅਯੁੱਧਿਆ ‘ਚ ਰਾਮ ਮੰਦਰ ਦੇ ਨਿਰਮਾਣ ‘ਤੇ ਖੁਸ਼ੀ ਜ਼ਾਹਰ ਕਰ ਰਹੇ ਹਨ। ਪਿਛਲੇ ਹਫਤੇ ਯੂਟਿਊਬ ‘ਤੇ ਮੈਂ ਜੋ ਭਜਨ ਪੇਸ਼ ਕੀਤਾ ਸੀ, ਉਹ ਹੇਮੰਤ ਤਿਵਾੜੀ ਨਾਲ ਸਾਂਝੇ ਤੌਰ ‘ਤੇ ਲਿਖਿਆ ਗਿਆ ਸੀ। ਇਸ ਨੂੰ ਸਿਰਫ ਪੰਜ ਦਿਨਾਂ ਵਿੱਚ 3.5 ਮਿਲੀਅਨ ਵਾਰ ਦੇਖਿਆ ਗਿਆ ਹੈ। ਕੁਝ ਦਿਨ ਪਹਿਲਾਂ ਭਗਵਾਨ ਰਾਮ ਜੀ ‘ਤੇ ਬਣੇ ਇਕ ਹੋਰ ਮਧੁਰ ਭਜਨ ‘ਰਾਮ ਸੀਆ ਰਾਮ’ ਨੂੰ 16.9 ਕਰੋੜ ਵਾਰ ਦੇਖਿਆ ਜਾ ਚੁੱਕਾ ਹੈ ਅਤੇ ਇਸ ਨੇ ਇਕ ਰਿਕਾਰਡ ਬਣਾਇਆ ਹੈ। ਅਹਿਮਦ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਆਖਰਕਾਰ ਅਯੁੱਧਿਆ ‘ਚ ਮੰਦਰ ਬਣ ਕੇ ਤਿਆਰ ਹੋ ਚੁੱਕਾ ਹੈ, ਜੋ ਉਨ੍ਹਾਂ ਦੇ ਜੱਦੀ ਸ਼ਹਿਰ ਜੌਨਪੁਰ ਦੇ ਨੇੜੇ ਹੈ। ਉਨ੍ਹਾਂ ਕਿਹਾ, “ਬਾਲੀਵੁੱਡ ‘ਚ ਆਪਣੇ ਕਰੀਅਰ ਦੀ ਸ਼ੁਰੂਆਤ ਤੋਂ ਹੀ ਮੈਂ ਭਗਤੀ ਗੀਤ ਲਿਖ ਰਿਹਾ ਹਾਂ ਅਤੇ ਕੰਪੋਜ਼ ਕਰ ਰਿਹਾ ਹਾਂ ਅਤੇ ਮੈਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ। ਭਗਵਾਨ ਰਾਮ ਮੇਰੇ ਪ੍ਰੇਰਣਾ ਸਰੋਤ ਰਹੇ ਹਨ ਅਤੇ ਜੋ ਵੀ ਸਫਲਤਾ ਮੈਂ ਹਾਸਲ ਕੀਤੀ ਹੈ, ਉਸ ਦਾ ਸਿਹਰਾ ਉਨ੍ਹਾਂ ਨੂੰ ਜਾਂਦਾ ਹੈ। ਮੈਨੂੰ ਅਯੁੱਧਿਆ ਜਾ ਕੇ ਆਪਣੇ ਭਜਨ ਪੇਸ਼ ਕਰਨ ਵਿੱਚ ਖੁਸ਼ੀ ਹੋਵੇਗੀ।
ਬਚਪਨ ਵਿੱਚ ਜੌਨਪੁਰ ਵਿੱਚ ਰਾਮਲੀਲਾ ਪ੍ਰੋਗਰਾਮਾਂ ਵਿੱਚ ਪ੍ਰਦਰਸ਼ਨ ਕਰਦੇ ਸੀ :ਸ਼ਬੀਰ ਅਹਿਮਦ
ਆਪਣੇ ਆਪ ਨੂੰ ‘ਰਾਮ ਭਗਤ’ ਦੱਸਦੇ ਹੋਏ ਅਹਿਮਦ ਨੇ ਕਿਹਾ ਕਿ ਉਹ ਬਚਪਨ ‘ਚ ਜੌਨਪੁਰ ‘ਚ ਰਾਮਲੀਲਾ ਪ੍ਰੋਗਰਾਮਾਂ ਦੌਰਾਨ ਪ੍ਰਦਰਸ਼ਨ ਕਰਦੇ ਸਨ। ਸਾਲ 2021 ‘ਚ ਆਈ ਫਿਲਮ ‘ਭਵਈ’ ਦੇ ‘ਮੋਹੇ ਰਾਮ ਰੰਗ ਦੇ’ ਅਤੇ ‘ਸਿਆਪਤੀ ਰਾਮਚੰਦਰ’ ਦਾ ਹਵਾਲਾ ਦਿੰਦੇ ਹੋਏ ਗੀਤਕਾਰ ਨੇ ਕਿਹਾ ਕਿ ਮੁਸਲਮਾਨ ਹੋਣ ਦੇ ਨਾਤੇ ਉਹ ਭਗਵਾਨ ਰਾਮ ਨੂੰ ‘ਇਮਾਮ-ਏ-ਹਿੰਦ’ ਮੰਨਦੇ ਹਨ। ਅਹਿਮਦ ਨੇ ਸਲਮਾਨ ਖਾਨ ਦੀਆਂ ਕਈ ਫਿਲਮਾਂ ਲਈ ਗੀਤ ਲਿਖੇ ਹਨ, ਜਿਨ੍ਹਾਂ ਵਿੱਚ “ਬਾਡੀਗਾਰਡ”, “ਬਜਰੰਗੀ ਭਾਈਜਾਨ” ਅਤੇ “ਕਿਸੀ ਕਾ ਭਾਈ ਕਿਸੀ ਕੀ ਜਾਨ” ਵਰਗੀਆਂ ਫਿਲਮਾਂ ਸ਼ਾਮਲ ਹਨ। ਇਸ ਹਫ਼ਤੇ ਰਿਲੀਜ਼ ਹੋਣ ਵਾਲੇ ਦੋ ਭਜਨਾਂ ਬਾਰੇ ਗੱਲ ਕਰਦਿਆਂ ਅਹਿਮਦ ਨੇ ਕਿਹਾ, “‘ਰਘੂਪਤੀ ਰਾਘਵ ਰਾਜਾ ਰਾਮ’ ਅਤੇ ‘ਘਰ ਮੇਰੇ ਆਇਆ ਹੈ ਰਾਮ ਰਮਈਆ’ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ । ਇਹ ਭਜਨ ਪਵਿੱਤਰ ਸਮਾਰੋਹ ਤੋਂ ਪਹਿਲਾਂ ਜਾਰੀ ਕੀਤੇ ਜਾਣਗੇ ।