Home ਪੰਜਾਬ ਲੋਕ ਸਭਾ ਚੋਣਾਂ ਨੂੰ ਲੈ ਕੇ ਨਵੀਂ ਰਣਨੀਤੀ ਬਣਾਉਣ ‘ਚ ਲੱਗੇ ਹਨ ਸੁਖਬੀਰ ਬਾਦਲ 

ਲੋਕ ਸਭਾ ਚੋਣਾਂ ਨੂੰ ਲੈ ਕੇ ਨਵੀਂ ਰਣਨੀਤੀ ਬਣਾਉਣ ‘ਚ ਲੱਗੇ ਹਨ ਸੁਖਬੀਰ ਬਾਦਲ 

0

ਚੰਡੀਗੜ੍ਹ: ਪੰਜਾਬ ਦੀ ਸਿਆਸਤ ਵਿੱਚ ਪਟੜੀ ਤੋਂ ਉਤਰ ਚੁੱਕੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ​​ਕਰਨ ਲਈ ਸੁਖਬੀਰ ਬਾਦਲ (Sukhbir Badal) ਨਵੀਂ ਰਣਨੀਤੀ ਬਣਾਉਣ ਵਿੱਚ ਲੱਗੇ ਹੋਏ ਹਨ। ਇਸ ਸੰਦਰਭ ਵਿੱਚ ਪਾਰਟੀ ਹੁਣ ਤੋਂ ਹੀ ਲੋਕ ਸਭਾ ਚੋਣਾਂ (Lok Sabha elections) ਲਈ ਆਪਣੇ ਉਮੀਦਵਾਰਾਂ ਦੀ ਚੋਣ ਕਰਨਾ ਚਾਹੁੰਦੀ ਹੈ ਤਾਂ ਜੋ ਉਮੀਦਵਾਰਾਂ ਨੂੰ ਆਪਣੇ ਪ੍ਰਚਾਰ ਦਾ ਪੂਰਾ ਮੌਕਾ ਮਿਲ ਸਕੇ। ਭਾਜਪਾ ਨਾਲ ਗਠਜੋੜ ਦੇ ਰੌਲਾ-ਰੱਪਾ ਦਰਮਿਆਨ ਅਕਾਲੀ ਦਲ ਨੇ ਵੀ ਅਜਿਹੇ ਲੋਕ ਸਭਾ ਹਲਕਿਆਂ ਦੀ ਨਿਸ਼ਾਨਦੇਹੀ ਕਰ ਲਈ ਹੈ, ਜਿਨ੍ਹਾਂ ‘ਤੇ ਉਸ ਦੇ ਉਮੀਦਵਾਰਾਂ ਦਾ ਚੋਣ ਲੜਨਾ ਤੈਅ ਹੈ।

ਮੰਨਿਆ ਜਾ ਰਿਹਾ ਹੈ ਕਿ ਸੂਬੇ ਦੀਆਂ 13 ਲੋਕ ਸਭਾ ਸੀਟਾਂ ਵਿਚੋਂ ਨਵੇਂ ਸਮਝੌਤੇ ਤਹਿਤ ਅਕਾਲੀ ਦਲ ਦੇ ਹਿੱਸੇ ਹੁਣ 10 ਦੀ ਥਾਂ ਸਿਰਫ਼ 7-8 ਸੀਟਾਂ ਹੀ ਆਉਣਗੀਆਂ। ਜੇਕਰ ਗਠਜੋੜ ਹੁੰਦਾ ਹੈ ਤਾਂ ਮਾਲਵੇ ਦੀਆਂ ਦੋ ਸੀਟਾਂ ਭਾਜਪਾ ਦੇ ਕੋਟੇ ਵਿਚ ਆ ਸਕਦੀਆਂ ਹਨ। ਇਸ ਤੋਂ ਇਲਾਵਾ ਫਿਰੋਜ਼ਪੁਰ ਤੋਂ ਲੋਕ ਸਭਾ ਮੈਂਬਰ ਸੁਖਬੀਰ ਬਾਦਲ ਦੇ ਮੁੜ ਉਸੇ ਹਲਕੇ ਤੋਂ ਚੋਣ ਲੜਨ ਬਾਰੇ ਵੀ ਸ਼ੰਕੇ ਵੱਧਦੇ ਜਾ ਰਹੇ ਹਨ।

ਬੀਤੇ ਇਕ ਸਾਲ ਦੌਰਾਨ ਉਨ੍ਹਾਂ ਦੇ ਲੋਕ ਸਭਾ ਹਲਕੇ ਦੇ ਦੌਰੇ ਨਾਮਾਤਰ ਹੀ ਰਹੇ ਹਨ। ਸਮਝਿਆ ਜਾਂਦਾ ਹੈ ਕਿ ਉਹ ਖੁਦ ਚੋਣ ਲੜਨ ਦੀ ਬਜਾਏ ਪਾਰਟੀ ਉਮੀਦਵਾਰਾਂ ਦੇ ਪ੍ਰਚਾਰ ’ਤੇ ਧਿਆਨ ਦੇਣਗੇ। ਸੂਬੇ ਦੀ ਸਿਆਸਤ ਵਿਚ ਹਾਸ਼ੀਏ ’ਤੇ ਚਲੇ ਗਏ ਅਕਾਲੀ ਦਲ ਦੇ ਪ੍ਰਧਾਨ ਲਈ ਚੋਣ ਲੜਨ ਨਾਲੋਂ ਆਪਣੇ ਕੇਡਰ ਨੂੰ ਮਜ਼ਬੂਤ ਕਰਨਾ ਜ਼ਿਆਦਾ ਜ਼ਰੂਰੀ ਹੈ। ਇਸ ਲਈ ਪਹਿਲਾਂ ਵਾਂਗ ਹੁਣ ਸੁਖਬੀਰ ਬਾਦਲ ਸਿਰਫ਼ ਵਿਧਾਨ ਸਭਾ ਚੋਣਾਂ ਲੜਨਗੇ ਅਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਲੋਕ ਸਭਾ ਚੋਣ ਲੜਨਗੇ। ਫਿਲਹਾਲ ਸੁਖਬੀਰ ਦਾ ਸਾਰਾ ਧਿਆਨ ਅਕਾਲੀ ਦਲ ਨੂੰ ਮਜ਼ਬੂਤ ਕਰਨ ’ਤੇ ਲੱਗਾ ਹੋਇਆ ਹੈ।

ਪੰਜਾਬ ਵਿਚ ਅਕਾਲੀ ਦਲ ਦੀ ਹਮੇਸ਼ਾ ਹੀ ਮਜ਼ਬੂਤ ਪੈਠ ਰਹੀ ਹੈ ਅਤੇ ਉਹ ਇਸ ਸਮਰਥਨ ਆਧਾਰ ਨੂੰ ਮੁੜ ਪਾਰਟੀ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਮਾਲਵਾ ਅਤੇ ਮਾਝਾ ਇਸ ਦੇ ਗੜ੍ਹ ਰਹੇ ਹਨ ਪਰ ਪਿਛਲੀਆਂ 2 ਵਿਧਾਨ ਸਭਾ ਚੋਣਾਂ ਵਿਚ ਵੋਟ ਬੈਂਕ ਖਿੱਲਰ ਚੁੱਕਾ ਹੈ। ਸੁਖਬੀਰ ਬਾਦਲ ਇਹ ਵੀ ਜਾਣਦੇ ਹਨ ਕਿ ਸੂਬੇ ਦੀ ਸਿਆਸਤ ਵਿਚ ਆਪਣੀ ਹੋਂਦ ਨੂੰ ਕਾਇਮ ਰੱਖਣ ਲਈ ਅਕਾਲੀ ਦਲ ਨੂੰ ਕਿਸੇ ਵੀ ਤਰੀਕੇ ਆਪਣਾ ਵੋਟ ਬੈਂਕ ਵਾਪਸ ਲਿਆਉਣਾ ਪਵੇਗਾ।

ਇਸ ਸੰਦਰਭ ਵਿਚ ਉਨ੍ਹਾਂ ਨੇ ਪਿਛਲੇ ਮਹੀਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਬੇਅਦਬੀ ਮਾਮਲੇ ਵਿਚ ਮੁਆਫ਼ੀ ਮੰਗੀ ਸੀ। ਉਸ ਦਿਨ ਉਨ੍ਹਾਂ ਕਿਸੇ ਕਾਰਣ ਅਕਾਲੀ ਦਲ ਤੋਂ ਵੱਖ ਹੋਏ ਆਗੂਆਂ ਨੂੰ ਪਾਰਟੀ ਵਿਚ ਵਾਪਸ ਆਉਣ ਦੀ ਭਾਵੁਕ ਅਪੀਲ ਵੀ ਕੀਤੀ ਸੀ। ਇਸ ਅਪੀਲ ਦਾ ਅਸਰ ਅਗਲੇ ਦਿਨਾਂ ਵਿਚ ਵੀ ਦੇਖਣ ਨੂੰ ਮਿਲੇਗਾ ਅਤੇ ਜੇਕਰ ਅਕਾਲੀ ਦਲ ਛੱਡ ਚੁੱਕੇ ਆਗੂ ਵਾਪਸ ਪਾਰਟੀ ’ਚ ਆਉਂਦੇ ਹਨ ਤਾਂ ਕੇਡਰ ਵੀ ਮੁੜ ਜੁੜਨ ਲੱਗੇਗਾ।

NO COMMENTS

LEAVE A REPLY

Please enter your comment!
Please enter your name here

Exit mobile version