ਨਵੀਂ ਦਿੱਲੀ: ਦੇਸ਼ ਭਰ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਦੇ ਨਵੇਂ ਰੂਪਾਂ ਦਾ ਪ੍ਰਸਾਰ ਸ਼ੁਰੂ ਹੋ ਗਿਆ ਹੈ। ਕੋਵਿਡ-19 (Covid-19) ਦੇ ਸਬ-ਫਾਰਮ JN.1 ਦੇ 20 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 18 ਕੇਸ ਗੋਆ ਵਿੱਚ ਦਰਜ ਕੀਤੇ ਗਏ ਜਦੋਂ ਕਿ ਕੇਰਲ ਅਤੇ ਮਹਾਰਾਸ਼ਟਰ ਵਿੱਚ ਇੱਕ-ਇੱਕ ਕੇਸ ਦਰਜ ਕੀਤਾ ਗਿਆ ਹੈ। ਇਹ ਜਾਣਕਾਰੀ INSACOG ਵੱਲੋਂ ਜਾਰੀ ਅੰਕੜਿਆਂ ਵਿੱਚ ਦਿੱਤੀ ਗਈ ਹੈ।
ਇੰਡੀਅਨ SARS CoV-2 ਜੀਨੋਮਿਕਸ ਕੰਸੋਰਟੀਅਮ (INSACOG) 10 ਰਾਸ਼ਟਰੀ ਪ੍ਰਯੋਗਸ਼ਾਲਾਵਾਂ ਦਾ ਇੱਕ ਸਮੂਹ ਹੈ ਜਿਸਦਾ ਭਾਰਤ ਸਰਕਾਰ ਦੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ 25 ਦਸੰਬਰ, 2020 ਨੂੰ ਗਠਤ ਕੀਤਾ ਗਿਆ ਸੀ।
ਕੇਂਦਰ ਸਰਕਾਰ ਨੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਦੇਸ਼ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਵਾਧੇ ਅਤੇ ਨਵੇਂ JN.1 ਰੂਪ ਦੇ ਉਭਰਨ ਦੇ ਵਿਚਕਾਰ ਨਿਗਰਾਨੀ ਰੱਖਣ ਲਈ ਕਿਹਾ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਬੁੱਧਵਾਰ ਨੂੰ ਦੇਸ਼ ਭਰ ਵਿੱਚ ਸਿਹਤ ਸਹੂਲਤਾਂ ਦੀ ਤਿਆਰੀ ਦੀ ਸਮੀਖਿਆ ਕੀਤੀ ਅਤੇ ਕੋਰੋਨਾਵਾਇਰਸ ਦੇ ਉੱਭਰ ਰਹੇ ਰੂਪਾਂ ਪ੍ਰਤੀ ਸੁਚੇਤ ਰਹਿਣ ‘ਤੇ ਜ਼ੋਰ ਦਿੱਤਾ।
ਕੇਂਦਰੀ ਸਿਹਤ ਮੰਤਰਾਲੇ ਦੇ ਬੁੱਧਵਾਰ ਨੂੰ ਅਪਡੇਟ ਕੀਤੇ ਗਏ ਅੰਕੜਿਆਂ ਦੇ ਅਨੁਸਾਰ, ਭਾਰਤ ਵਿੱਚ 21 ਮਈ ਤੋਂ ਬਾਅਦ ਇੱਕ ਦਿਨ ਵਿੱਚ ਸਭ ਤੋਂ ਵੱਧ ਕੋਰੋਨਾਵਾਇਰਸ ਦੀ ਲਾਗ ਦੇ 614 ਨਵੇਂ ਮਾਮਲੇ ਦਰਜ ਕੀਤੇ ਗਏ। ਇਸ ਦੇ ਨਾਲ, ਦੇਸ਼ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ ਵੱਧ ਕੇ 2,311 ਹੋ ਗਈ ਹੈ।
ਵਿਸ਼ਵ ਸਿਹਤ ਸੰਗਠਨ (WHO) ਨੇ ਕੋਰੋਨਾ ਵਾਇਰਸ ਦੇ ‘JN.1’ ਰੂਪ ਦੇ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਦੇ ਵਿਚਕਾਰ ਇਸ ਨੂੰ ‘ਵੈਰੈਂਟ ਆਫ ਇੰਟਰਸਟ‘ ਕਰਾਰ ਦਿੱਤਾ ਹੈ। WHO ਨੇ ਇਹ ਵੀ ਕਿਹਾ ਕਿ ਇਸ ਨਾਲ ਗਲੋਬਲ ਪਬਲਿਕ ਹੈਲਥ ਨੂੰ ਜ਼ਿਆਦਾ ਖ਼ਤਰਾ ਨਹੀਂ ਹੈ।
WHO ਦੇ ਅਨੁਸਾਰ, ਇਹ ਹੁਣ BA 286 ਵੰਸ਼ ਨਾਲ ਸਬੰਧਤ ਹੈ ਜੋ ਗਲੋਬਲ ਇਨੀਸ਼ੀਏਟਿਵ ਆਨ ਸ਼ੇਅਰਿੰਗ ਆਲ ਇਨਫਲੂਏਂਜ਼ਾ ਡੇਟਾ (GISAID) ਨਾਲ ਜੁੜਿਆ ਹੋਇਆ ਹੈ। ਹਾਲਾਂਕਿ, ਹਾਲ ਹੀ ਦੇ ਹਫ਼ਤਿਆਂ ਵਿੱਚ, ਬਹੁਤ ਸਾਰੇ ਦੇਸ਼ਾਂ ਵਿੱਚ JN1 ਦੇ ਮਾਮਲੇ ਸਾਹਮਣੇ ਆਏ ਹਨ ਅਤੇ ਵਿਸ਼ਵ ਪੱਧਰ ‘ਤੇ ਇਸਦਾ ਪ੍ਰਸਾਰ ਤੇਜ਼ੀ ਨਾਲ ਵਧਿਆ ਹੈ।