ਉੱਤਰ ਪ੍ਰਦੇਸ਼ : ਦਿੱਲੀ-ਹਾਵੜਾ ਰੇਲਵੇ ਲਾਈਨ ‘ਤੇ ਇਟਾਵਾ ਜ਼ਿਲ੍ਹੇ ਦੇ ਸਰਾਏ ਭੂਪਤ ਰੇਲਵੇ ਸਟੇਸ਼ਨ (Sarai Bhupat railway station) ‘ਤੇ ਨਵੀਂ ਦਿੱਲੀ ਤੋਂ ਦਰਭੰਗਾ ਜਾ ਰਹੀ 02570 ਸਪੈਸ਼ਲ ਟਰੇਨ ਦੀਆਂ ਤਿੰਨ ਬੋਗੀਆਂ ‘ਚ ਬੀਤੇ ਦਿਨ ਅੱਗ ਲੱਗ ਗਈ। ਇਸ ਘਟਨਾ ਤੋਂ ਬਾਅਦ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਐਕਸਪ੍ਰੈਸ ਵਿੱਚ ਅੱਗ ਲੱਗਣ ਦਾ ਕਾਰਨ ਗੈਸ ਸਿਲੰਡਰ ਦੱਸਿਆ ਜਾ ਰਿਹਾ ਹੈ। ਗੈਸ ਸਿਲੰਡਰ ਦੀ ਅਣਅਧਿਕਾਰਤ ਮਨਜ਼ੂਰੀ ਵੀ ਭ੍ਰਿਸ਼ਟਾਚਾਰ ਦਾ ਇੱਕ ਗੰਭੀਰ ਮਾਮਲਾ ਹੈ, ਜਿਸ ਨਾਲ ਯਾਤਰੀਆਂ ਦੀ ਜਾਨ ਖਤਰੇ ਵਿੱਚ ਪੈ ਜਾਂਦੀ ਹੈ। ਇਸ ਲਈ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਜੋ ਵੀ ਦੋਸ਼ੀ ਹੈ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ।
ਅਖਿਲੇਸ਼ ਯਾਦਵ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਇਸ ਘਟਨਾ ਦੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਲਿਖਿਆ, ਇਟਾਵਾ ‘ਚ ਹਮਸਫਰ ਐਕਸਪ੍ਰੈਸ ‘ਚ ਅੱਗ ਲੱਗਣ ਦਾ ਕਾਰਨ ਗੈਸ ਸਿਲੰਡਰ ਦੱਸਿਆ ਜਾ ਰਿਹਾ ਹੈ। ਗੈਸ ਸਿਲੰਡਰ ਦੀ ਅਣਅਧਿਕਾਰਤ ਮਨਜ਼ੂਰੀ ਵੀ ਭ੍ਰਿਸ਼ਟਾਚਾਰ ਦਾ ਇੱਕ ਗੰਭੀਰ ਮਾਮਲਾ ਹੈ, ਜਿਸ ਨਾਲ ਯਾਤਰੀਆਂ ਦੀ ਜਾਨ ਖਤਰੇ ਵਿੱਚ ਪੈ ਜਾਂਦੀ ਹੈ। ਇਸ ਮਾਮਲੇ ਦੀ ਤੁਰੰਤ ਜਾਂਚ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ।
ਇਸ ਹਾਦਸੇ ‘ਚ ਕਈ ਯਾਤਰੀ ਹੋ ਗਏ ਜ਼ਖਮੀ
ਦੱਸ ਦਈਏ ਕਿ ਨਵੀਂ ਦਿੱਲੀ ਤੋਂ ਦਰਭੰਗਾ ਜਾ ਰਹੀ ਕਲੋਨ ਐਕਸਪ੍ਰੈੱਸ ਦੀ ਐੱਸ-1 ਬੋਗੀ ‘ਚ ਧੂੰਆਂ ਉੱਠਦਾ ਦੇਖ ਕੇ ਡਰਾਈਵਰ ਨੇ ਬੀਤੇ ਦਿਨ ਇਟਾਵਾ ਜੰਕਸ਼ਨ ਰੇਲਵੇ ਸਟੇਸ਼ਨ ਤੋਂ ਦਸ ਕਿਲੋਮੀਟਰ ਪਹਿਲਾਂ ਸਰਾਏ ਭੂਪਤ ਰੇਲਵੇ ਸਟੇਸ਼ਨ ‘ਤੇ ਟਰੇਨ ਰੋਕ ਦਿੱਤੀ। ਸ਼ਾਮ ਜਿਵੇਂ ਹੀ ਟਰੇਨ ਰੁਕੀ ਤਾਂ ਘਬਰਾਏ ਹੋਏ ਰੇਲਵੇ ਯਾਤਰੀਆਂ ਨੇ ਟਰੇਨ ਦੀ ਬੋਗੀ ਤੋਂ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਕੁਝ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਕੁਝ ਹੀ ਸਮੇਂ ਵਿੱਚ ਅੱਗ ਨੇ ਵੱਡਾ ਰੂਪ ਧਾਰਨ ਕਰ ਲਿਆ ਅਤੇ ਦੋ ਹੋਰ ਬੋਗੀਆਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਇਟਾਵਾ ਅਤੇ ਫ਼ਿਰੋਜ਼ਾਬਾਦ ਦੇ ਅੱਠ ਫਾਇਰ ਟੈਂਡਰਾਂ ਨੇ ਪਾਣੀ ਦਾ ਛਿੜਕਾਅ ਕਰਕੇ ਕਰੀਬ ਇੱਕ ਘੰਟੇ ਵਿੱਚ ਅੱਗ ’ਤੇ ਕਾਬੂ ਪਾਇਆ।