ਅਮਲੋਹ : ਅਮਲੋਹ (Amloh) ਵਿੱਚ ਇੱਕ ਸੈਲੂਨ ਦੇ ਉਦਘਾਟਨ ਮੌਕੇ ਸ਼ਹਿਰ ਦੀ ਇੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਨ ਅਤੇ ਭੋਗ ਪਾਉਣ ਮੌਕੇ ਇਕੱਤਰ ਹੋਈ ਸਿੱਖ ਸੰਗਤ ਨੇ ਸੈਲੂਨ ਵਿੱਚ ਕੀਤੀ ਗਈ ਪ੍ਰਕਾਸ਼ ਦਾ ਵਿਰੋਧ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ। ਐੱਸ.ਜੀ.ਪੀ.ਸੀ. ਦੇ ਮੈਂਬਰ ਰਵਿੰਦਰ ਸਿੰਘ ਖਾਲਸਾ ਦੇ ਧਿਆਨ ਵਿੱਚ ਮਾਮਲਾ ਲਿਆਂਦਾ। ਉਨ੍ਹਾਂ ਮੌਕੇ ‘ਤੇ ਪਹੁੰਚ ਕੇ ਥਾਣਾ ਅਮਲੋਹ ਦੀ ਪੁਲਿਸ ਨੂੰ ਬੁਲਾਇਆ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਸ੍ਰੀ ਫਤਹਿਗੜ੍ਹ ਸਾਹਿਬ ਦੇ ਅਧਿਕਾਰੀਆਂ ਨੂੰ ਵੀ ਮੌਕੇ ‘ਤੇ ਬੁਲਾ ਕੇ ਮਾਮਲੇ ਦੀ ਜਾਂਚ ਕਰਨ ਦੀ ਬੇਨਤੀ ਕੀਤੀ।
ਇਸ ਸਬੰਧੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਪ ਗ੍ਰੰਥੀ ਨੇ ਦੱਸਿਆ ਕਿ ਸੈਲੂਨ ਮਾਲਕ ਨੇ ਉਨ੍ਹਾਂ ਨੂੰ ਸਿਰਫ਼ ਦੁਕਾਨ ਦੇ ਉਦਘਾਟਨ ਬਾਰੇ ਹੀ ਦੱਸਿਆ ਸੀ ਨਾ ਕਿ ਸੈਲੂਨ ਵਿੱਚ ਪ੍ਰਕਾਸ਼ ਕਰਨ ਬਾਰੇ। ਸੈਲੂਨ ਮਾਲਕ ਨੇ ਕਿਹਾ ਕਿ ਉਹ ਇਸ ਲਈ ਮੁਆਫ਼ੀ ਮੰਗਦਾ ਹੈ, ਕਿਉਂਕਿ ਉਸ ਨੂੰ ਇਸ ਹੱਦ ਦਾ ਪਤਾ ਨਹੀਂ ਸੀ। ਜੇਕਰ ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਨੂੰ ਮਰਿਆਦਾ ਤੋਂ ਜਾਣੂ ਕਰਵਾਇਆ ਹੁੰਦਾ ਤਾਂ ਉਹ ਅਜਿਹੀ ਗਲਤੀ ਕਰਨ ਤੋਂ ਬਚ ਸਕਦੇ ਸਨ।
ਐਸ.ਜੀ.ਪੀ.ਸੀ. ਪ੍ਰਚਾਰ ਕਮੇਟੀ ਮੈਂਬਰ ਅਤਰ ਸਿੰਘ, ਪ੍ਰਚਾਰਕ ਅਵਤਾਰ ਸਿੰਘ, ਕਪਿਲਦੀਪ ਸਿੰਘ ਅਤੇ ਸੁਖਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਰਿਪੋਰਟ ਤਿਆਰ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਭੇਜ ਦਿੱਤੀ ਹੈ। ਰਵਿੰਦਰ ਸਿੰਘ ਖ਼ਾਲਸਾ ਨੇ ਕਿਹਾ ਕਿ ਇਸ ਮਾਮਲੇ ਲਈ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਅਤੇ ਉਪ ਗ੍ਰੰਥੀ ਜ਼ਿੰਮੇਵਾਰ ਹਨ ਅਤੇ ਉਨ੍ਹਾਂ ਖ਼ਿਲਾਫ਼ ਮਰਿਆਦਾ ਅਨੁਸਾਰ ਸ਼ਿਕਾਇਤ ਦਰਜ ਕਰਵਾ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ।