ਮੋਗਾ : ਮੋਗਾ ਜ਼ਿਲ੍ਹੇ (Moga district) ਦੇ ਪਿੰਡ ਸਮਾਧਭਾਈ ਦੇ ਵਾਸੀ ਰਾਜਦੀਪ ਸਿੰਘ ਨਾਲ ਵਿਆਹ ਕਰਵਾ ਕੇ ਕੈਨੇਡਾ ਲੈ ਜਾਣ ਦਾ ਝਾਂਸਾ ਦੇ ਕੇ ਪ੍ਰਦੀਪ ਕੌਰ ਵਾਸੀ ਪਿੰਡ ਪੱਤੋ ਹੀਰਾ ਸਿੰਘ ਹਾਲ ਕੈਨੇਡਾ ਦੁਆਰਾ 17 ਲੱਖ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਬਾਘਾਪੁਰਾਣਾ ਦੇ ਸਹਾਇਕ ਐਸ.ਐਚ.ਓ ਬਲਜਿੰਦਰ ਸਿੰਘ ਨੇ ਦੱਸਿਆ ਕਿ ਰਾਜਦੀਪ ਸਿੰਘ ਨੇ ਜ਼ਿਲ੍ਹਾ ਪੁਲਿਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿੱਚ ਕਿਹਾ ਹੈ ਕਿ ਉਸ ਦਾ ਵਿਆਹ ਪ੍ਰਦੀਪ ਕੌਰ ਨਾਲ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਹੋਇਆ ਸੀ।
ਉਸ ਨੇ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਸੀ ਕਿ ਉਹ ਵਿਆਹ ਤੋਂ ਬਾਅਦ ਮੈਨੂੰ ਕੈਨੇਡਾ ਬੁਲਾਏਗੀ, ਜਿਸ ‘ਤੇ ਅਸੀਂ 17 ਲੱਖ ਰੁਪਏ ਖਰਚ ਕੀਤੇ, ਨਾ ਤਾਂ ਉਸ ਨੇ ਮੈਨੂੰ ਕੈਨੇਡਾ ਬੁਲਾਇਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਇਸ ਤਰ੍ਹਾਂ ਉਸ ਨਾਲ 17 ਲੱਖ ਰੁਪਏ ਦੀ ਠੱਗੀ ਮਾਰੀ ਗਈ। ਜ਼ਿਲ੍ਹਾ ਪੁਲਿਸ ਮੁਖੀ ਮੋਗਾ ਦੇ ਹੁਕਮਾਂ ’ਤੇ ਇਸ ਦੀ ਜਾਂਚ ਡੀ.ਐਸ.ਪੀ. ਬਾਘਾਪੁਰਾਣਾ ਵੱਲੋਂ ਕੀਤੀ ਗਈ। ਜਾਂਚ ਤੋਂ ਬਾਅਦ ਕਾਨੂੰਨੀ ਰਾਏ ਲੈਣ ਤੋਂ ਬਾਅਦ ਪੀੜਤ ਦੀ ਪਤਨੀ ਪ੍ਰਦੀਪ ਕੌਰ ਦੇ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ, ਗ੍ਰਿਫ਼ਤਾਰੀ ਬਾਕੀ ਹੈ।