ਕਪੂਰਥਲਾ : ਐੱਸ.ਐੱਸ.ਪੀ ਵਤਸਲਾ ਗੁਪਤਾ (SSP Vatsala Gupta) ਦੀਆਂ ਹਦਾਇਤਾਂ ’ਤੇ ਪੁਲਿਸ ਨੇ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ। ਇਲਾਕੇ ਵਿੱਚ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ, ਜਿਸ ਲਈ ਥਾਣਾ ਇੰਚਾਰਜ ਅਮਨਦੀਪ ਨਾਹਰ ਵੱਲੋਂ ਖੁਦ ਨਾਕਾਬੰਦੀ ਕਰਕੇ ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਐਸ.ਐਚ.ਓ ਨਾਹਰ ਨੇ ਦੱਸਿਆ ਕਿ ਐਸ.ਐਸ.ਪੀ. ਵਤਸਲਾ ਗੁਪਤਾ ਦੀਆਂ ਹਦਾਇਤਾਂ ‘ਤੇ ਸੁਰੱਖਿਆ ਦੇ ਮੱਦੇਨਜ਼ਰ ਸ਼ਹਿਰ ਦੀਆਂ ਵੱਖ-ਵੱਖ 15 ਥਾਵਾਂ ‘ਤੇ ਨਾਕੇ ਲਗਾਏ ਗਏ ਹਨ। ਭੀੜ-ਭੜੱਕੇ ਵਾਲੀਆਂ ਥਾਵਾਂ, ਬੱਸ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ ‘ਤੇ ਅਮਨ-ਕਾਨੂੰਨ ਅਤੇ ਆਵਾਜਾਈ ਨੂੰ ਬਣਾਈ ਰੱਖਣ ਲਈ ਪੁਲਿਸ ਤਾਇਨਾਤ ਹੈ।
ਇਸ ਦੇ ਨਾਲ ਹੀ ਭੀੜ-ਭੜੱਕੇ ਵਾਲੀਆਂ ਥਾਵਾਂ ‘ਤੇ ਟ੍ਰੈਫਿਕ ਅਤੇ ਅਮਨ ਕਾਨੂੰਨ ਦੀ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਇਲਾਕੇ ‘ਚ ਪੁਲਿਸ ਟੀਮਾਂ ਨਿਯੁਕਤ ਕੀਤੀਆਂ ਗਈਆਂ ਅਤੇ ਟ੍ਰੈਫਿਕ ਪੁਲਿਸ, ਪੀ.ਸੀ.ਆਰ., ਥਾਣਾ ਸਿਟੀ ਪੁਲਿਸ ਵਲੋਂ ਸ਼ਹਿਰ ਦੇ ਵੱਖ-ਵੱਖ ਖੇਤਰਾਂ ‘ਚ ਜਿੱਥੇ ਟ੍ਰੈਫਿਕ ਸਮੱਸਿਆ ਆਈ, ਉੱਥੇ ਕਾਰਵਾਈ ਕਰਦੇ ਹੋਏ ਖੁਦ ਟ੍ਰੈਫਿਕ ਨੂੰ ਸੁਚਾਰੂ ਬਣਾਇਆ। ਸੁਚਾਰੂ ਅਤੇ ਕਈ ਥਾਵਾਂ ‘ਤੇ ਟ੍ਰੈਫਿਕ ਦੀ ਸਥਿਤੀ ਨੂੰ ਦੇਖਦੇ ਹੋਏ ਰਸਤਾ ਇਕ ਤਰਫਾ ਕਰਨਾ ਪਿਆ, ਜਿਸ ਕਾਰਨ ਲੋਕਾਂ ਨੂੰ ਮੁੜ ਕੇ ਆਪਣੀ ਮੰਜ਼ਿਲ ਵੱਲ ਜਾਣਾ ਪਿਆ।
ਪੀ.ਸੀ.ਆਰ. ਇੰਚਾਰਜ ਅਤੇ ਟ੍ਰੈਫਿਕ ਇੰਚਾਰਜ ਦਰਸ਼ਨ ਸਿੰਘ ਨੇ ਪੁਲਿਸ ਟੀਮਾਂ ਸਮੇਤ ਸ਼ਹਿਰ ਦੇ ਮੁੱਖ ਟੀ-ਪੁਆਇੰਟ ਜਲੰਧਰ ਰੋਡ, ਕਾਂਜਲੀ ਰੋਡ, ਕਰਤਾਰਪੁਰ ਰੋਡ, ਕਾਲਾ ਸੰਘਿਆਂ ਰੋਡ, ਸਬਜ਼ੀ ਮੰਡੀ ਚੌਕ ਆਦਿ ਇਲਾਕਿਆਂ ‘ਚ ਨਾਕਾਬੰਦੀ ਕੀਤੀ ਅਤੇ ਆਉਣ-ਜਾਣ ਵਾਲੇ ਹਰ ਵਾਹਨ ਦੀ ਤਲਾਸ਼ੀ ਲਈ। ਐਸ.ਐਸ.ਪੀ. ਵਤਸਲਾ ਗੁਪਤਾ ਨੇ ਦੱਸਿਆ ਕਿ ਦੀਵਾਲੀ ਦੇ ਤਿਉਹਾਰ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਸਮੂਹ ਥਾਣਾ ਇੰਚਾਰਜ ਅਤੇ ਚੌਕੀ ਇੰਚਾਰਜ ਆਪੋ-ਆਪਣੇ ਖੇਤਰਾਂ ਵਿੱਚ ਪ੍ਰਭਾਵਸ਼ਾਲੀ ਗਸ਼ਤ ਕਰਕੇ ਅਮਨ-ਕਾਨੂੰਨ ਨੂੰ ਬਰਕਰਾਰ ਰੱਖ ਰਹੇ ਹਨ।