ਚੰਡੀਗੜ੍ਹ: ਪੰਜਾਬ ਵਿੱਚ ਖੇਤੀ ਮਸ਼ੀਨਰੀ ਅਤੇ ਪਰਾਲੀ ਪ੍ਰਬੰਧਨ ਨਾਲ ਸਬੰਧਤ ਮਸ਼ੀਨਾਂ ਵਿੱਚ ਵੱਡਾ ਘਪਲਾ ਸਾਹਮਣੇ ਆਇਆ ਹੈ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਸਬਸਿਡੀ ‘ਤੇ ਮਸ਼ੀਨਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜਿਸ ਵਿੱਚ ਘਪਲੇ ਦੀ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਰਾਲੀ ਦੇ ਨਿਪਟਾਰੇ ਲਈ ਮਸ਼ੀਨਾਂ ਨਾ ਖਰੀਦ ਕੇ ਲੱਖਾਂ ਰੁਪਏ ਦੀ ਸਬਸਿਡੀ ਹੜੱਪ ਲਈ ਗਈ।
ਫਰੀਦਕੋਟ (Faridkot) ਅਤੇ ਫਾਜ਼ਿਲਕਾ (Fazikala) ਵਿੱਚ ਸਭ ਤੋਂ ਵੱਧ 1800 ਮਾਮਲੇ ਸਾਹਮਣੇ ਆਏ ਹਨ। ਉਦੋਂ ਤੋਂ ਪੰਜਾਬ ਸਰਕਾਰ ਨੇ ਸਬਸਿਡੀ ‘ਤੇ ਖਰੀਦੀਆਂ ਮਸ਼ੀਨਾਂ ਦੀ ਜਾਂਚ ਲਈ ਸਾਰੇ ਜ਼ਿਲ੍ਹਿਆਂ ਵਿੱਚ ਟੀਮਾਂ ਭੇਜੀਆਂ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਘੁਟਾਲੇ ਵਿੱਚ ਕੰਪਨੀਆਂ ਦੇ ਨਾਲ-ਨਾਲ ਅਧਿਕਾਰੀਆਂ ਅਤੇ ਕਿਸਾਨਾਂ ਦੀ ਮਿਲੀਭੁਗਤ ਸਾਹਮਣੇ ਆਈ ਹੈ। ਪੰਜਾਬ ਸਰਕਾਰ ਵੱਲੋਂ ਫਰੀਦਕੋਟ ਅਤੇ ਫਾਜ਼ਿਲਕਾ ਵਿੱਚ ਮਿਲੀਭੁਗਤ ਨਾਲ ਕਾਗਜ਼ਾਂ ’ਤੇ ਮਸ਼ੀਨਾਂ ਦੀ ਫਰਜ਼ੀ ਖਰੀਦ-ਵੇਚ ਦਿਖਾ ਕੇ ਸਬਸਿਡੀ ਦੀ ਰਕਮ ਹੜੱਪਣ ਦੀਆਂ ਰਿਪੋਰਟਾਂ ਮਿਲੀਆਂ ਸਨ।
ਇਸ ਤਰ੍ਹਾਂ ਹੋਇਆ ਖੁਲਾਸਾ
ਖੇਤੀਬਾੜੀ ਵਿਭਾਗ ਦੇ ਮੁੱਖ ਖੇਤੀਬਾੜੀ ਅਫਸਰ ਨੇ ਖਰੀਦੀਆਂ ਮਸ਼ੀਨਾਂ ਦੀ ਰਿਪੋਰਟ ਤਿਆਰ ਕਰਕੇ ਭੇਜਣੀ ਸੀ। ਜਦੋਂ ਅਧਿਕਾਰੀਆਂ ਨੇ ਫਰੀਦਕੋਟ ਅਤੇ ਫਾਜ਼ਿਲਕਾ ਵਿੱਚ ਕਰੀਬ 2000 ਕਿਸਾਨਾਂ ਦੇ ਖੇਤਾਂ ਅਤੇ ਘਰਾਂ ਵਿੱਚ ਖੇਤੀ ਮਸ਼ੀਨਰੀ ਦਾ ਨਿਰੀਖਣ ਕੀਤਾ ਤਾਂ ਪਤਾ ਲੱਗਾ ਕਿ ਸਿਰਫ 200 ਕਿਸਾਨਾਂ ਕੋਲ ਹੀ ਮਸ਼ੀਨਾਂ ਖਰੀਦੀਆਂ ਗਈਆਂ ਸਨ ਅਤੇ ਉਨ੍ਹਾਂ ਕੋਲ ਪੂਰੇ ਦਸਤਾਵੇਜ਼ ਸਨ।
ਬਾਕੀ 1800 ਕਿਸਾਨਾਂ ਦੇ ਘਰਾਂ ਅਤੇ ਖੇਤਾਂ ਵਿੱਚ ਮਸ਼ੀਨਾਂ ਨਹੀਂ ਮਿਲੀਆਂ ਅਤੇ ਨਾ ਹੀ ਕੋਈ ਦਸਤਾਵੇਜ਼ ਮਿਲੇ ਹਨ। ਖੇਤੀਬਾੜੀ ਅਫਸਰ ਵੱਲੋਂ ਪੰਜਾਬ ਸਰਕਾਰ ਨੂੰ ਰਿਪੋਰਟ ਭੇਜੇ ਜਾਣ ਤੋਂ ਬਾਅਦ ਜਲੰਧਰ ਤੋਂ ਵਿਭਾਗ ਦੀਆਂ ਟੀਮਾਂ ਨੂੰ ਜਾਂਚ ਲਈ ਫਰੀਦਕੋਟ ਅਤੇ ਫਾਜ਼ਿਲਕਾ ਵੀ ਭੇਜਿਆ ਗਿਆ ਸੀ। ਇਸ ਸਮੇਂ ਦੌਰਾਨ ਵੀ 1800 ਫਰਜ਼ੀ ਕੇਸ ਸਾਹਮਣੇ ਆਏ ਅਤੇ ਮਸ਼ੀਨਰੀ ਵੇਚਣ ਵਿੱਚ ਮਿਲੀਭੁਗਤ ਦਾ ਖੁਲਾਸਾ ਹੋਇਆ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਨਾਲ ਸਬੰਧਤ ਖੇਤੀ ਮਸ਼ੀਨਰੀ ਅਤੇ ਮਸ਼ੀਨਾਂ ਦੀ ਖਰੀਦ ‘ਤੇ 50 ਫੀਸਦੀ ਸਬਸਿਡੀ ਦੇ ਰਹੀ ਹੈ।