ਅਮਰੀਕਾ : ਅਮਰੀਕਾ ਦੇ ਕੈਲੀਫੋਰਨੀਆ ਵਿੱਚ ਇੱਕ ਫਰਨੀਚਰ ਗੋਦਾਮ ਵਿੱਚ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਸਥਾਨਕ ਅਧਿਕਾਰੀਆਂ ਮੁਤਾਬਕ ਲਾਸ ਏਂਜਲਸ ਨੇੜੇ ਇਕ ਇਮਾਰਤ ਦੀ ਛੱਤ ਨਾਲ ਜਹਾਜ਼ ਟਕਰਾ ਗਿਆ। ਇਸ ਹਾਦਸੇ ‘ਚ 2 ਲੋਕਾਂ ਦੀ ਮੌਤ ਹੋ ਗਈ ਅਤੇ 18 ਹੋਰ ਜ਼ਖਮੀ ਹੋ ਗਏ।
ਇਕ ਸਮਾਚਾਰ ਏਜੰਸੀ ਮੁਤਾਬਕ ਫੁਲਰਟਨ ਪੁਲਿਸ ਦੇ ਬੁਲਾਰੇ ਕ੍ਰਿਸਟੀ ਵੇਲਸ ਨੇ ਦੱਸਿਆ ਕਿ ਇਹ ਹਾਦਸਾ ਲਾਸ ਏਂਜਲਸ ਤੋਂ 40 ਕਿਲੋਮੀਟਰ ਦੱਖਣ-ਪੂਰਬ ਵਿਚ ਫੁਲਰਟਨ ਸ਼ਹਿਰ ਵਿਚ ਸਥਾਨਕ ਸਮੇਂ ਮੁਤਾਬਕ ਦੁਪਹਿਰ 2:09 ਵਜੇ ਵਾਪਰਿਆ। ਹਾਦਸੇ ਤੋਂ ਤੁਰੰਤ ਬਾਅਦ ਜਹਾਜ਼ ‘ਚ ਭਾਰੀ ਅੱਗ ਲੱਗ ਗਈ ਅਤੇ ਆਸਪਾਸ ਦੇ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਗਿਆ। ਇੱਕ ਸਥਾਨਕ ਨਿਊਜ਼ ਚੈਨਲ ਦੀ ਵੀਡੀਓ ਫੁਟੇਜ ਵਿੱਚ ਇੱਕ ਵੱਡੀ ਇਮਾਰਤ ਦੇ ਉੱਪਰੋਂ ਧੂੰਆਂ ਨਿਕਲਦਾ ਦਿਖਾਇਆ ਗਿਆ। ਇਹ ਇਮਾਰਤ ਇੱਕ ਖੇਤਰੀ ਰੇਲ ਲਾਈਨ ਦੇ ਨੇੜੇ ਸਥਿਤ ਹੈ ਅਤੇ ਇਸਦੇ ਦੋਵੇਂ ਪਾਸੇ ਕਈ ਇਮਾਰਤਾਂ ਹਨ। ਕ੍ਰਿਸਟੀ ਵੇਲਜ਼ ਨੇ ਕਿਹਾ ਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਕਿਸ ਤਰ੍ਹਾਂ ਦਾ ਜਹਾਜ਼ ਸੀ, ਕੀ ਜ਼ਖਮੀ ਜਹਾਜ਼ ‘ਚ ਸਨ ਜਾਂ ਜ਼ਮੀਨ ‘ਤੇ ਅਤੇ ਜ਼ਖਮੀਆਂ ਦੀ ਹਾਲਤ ਕੀ ਹੈ।










