Breaking News
Home / Politics / ‘ਆਪ’ ਤੇ ਕਾਂਗਰਸ ਥਾਲੀ ‘ਚ ਪਰੋਸ ਕੇ ਮੁੱਦੇ ਦੇ ਰਹੇ ਨੇ ਅਕਾਲੀ ਦਲ ਨੂੰ

‘ਆਪ’ ਤੇ ਕਾਂਗਰਸ ਥਾਲੀ ‘ਚ ਪਰੋਸ ਕੇ ਮੁੱਦੇ ਦੇ ਰਹੇ ਨੇ ਅਕਾਲੀ ਦਲ ਨੂੰ

ਪਟਿਆਲਾ, 10 ਜੁਲਾਈ (ਆਤਮਜੀਤ ਸਿੰਘ) : ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਆਮ ਆਦਮੀ ਪਾਰਟੀ ਦੀਆਂ ਗਲਤੀਆਂ ਅਤੇ ਕਾਂਗਰਸ ਦੇ ਗਲਤ ਫੈਸਲਿਆਂ ਨੇ ਸੱਤਾਧਾਰੀ ਅਕਾਲੀ ਦਲ ਨੂੰ ਸਿਆਸੀ ਨਫੇ ਦੀ ਸਥਿਤੀ ਵਿੱਚ ਖੜ੍ਹਾ ਕਰ ਦਿੱਤਾ ਹੈ। ਦੋ ਘਟਨਾਵਾਂ ਨੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਅਜਿਹਾ ਧੱਕਾ ਮਾਰਿਆ ਹੈ ਕਿ ਉਹ ਹੁਣ ਸਿੱਖ ਭਾਈਚਾਰੇ ਤੋਂ ਵਾਰ ਵਾਰ ਮੁਆਫੀ ਮੰਗ ਰਹੀ ਹੈ। ਪਿਛਲੇ ਹਫਤੇ ਜਦੋਂ ਅੰਮ੍ਰਿਤਸਰ ਵਿਖੇ ਯੂਥ ਮੈਨੀਫੈਸਟੋ ਜਾਰੀ ਕੀਤਾ ਗਿਆ ਤਾਂ ਇਸ ਦੇ ਲੀਡਰ ਅਸ਼ੀਸ਼ ਖੈਤਾਨ ਨੇ ਇਸ ਮੈਨੀਫਸਟੋ ਦੀ ਤੁਲਨਾ ਸ੍ਰੀ ਗੁਰੂ ਗਰੰਥ ਸਾਹਿਬ, ਗੀਤਾ ਅਤੇ ਬਾਈਬਲ ਨਾਲ ਕਰ ਦਿੱਤੀ। ਰਹਿੰਦੀ ਖੁੰਹਦੀ ਕਸਰ ਉਦੋਂ ਨਿਕਲ ਗਈ ਜਦੋਂ ਇਸ ਪਾਰਟੀ ਨੇ ਮੈਨੀਫੈਸਟੋ ਦੇ ਕਵਰ ਉਤੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਨਾਲ ਆਪਣੇ ਚੋਣ ਨਿਸ਼ਾਨ ਝਾੜੂ ਦੀ ਫੋਟੋ ਲਗਾ ਦਿੱਤੀ। ਇਸ ਗਲਤੀ ਨੇ ਅਕਾਲੀ ਦਲ ਅਤੇ ਭਾਜਪਾ ਤੇ ਨਾਲ-ਨਾਲ ਕਾਂਗਰਸ ਨੂੰ ‘ਆਪ’ ਦੇ ਖਿਲਾਫ ਬੋਲਣ ਦਾ ਚੰਗਾ ਮਸਾਲਾ ਦੇ ਦਿੱਤਾ।  ਆਪ ਬਾਰੇ ਰਿਪੋਰਟਾਂ ਇਹ ਆ ਰਹੀਆਂ ਸਨ ਕਿ ਇਹ ਪਾਰਟੀ ਅਕਾਲੀ ਦਲ ਅਤੇ ਕਾਂਗਰਸ ਨਾਲੋਂ ਜ਼ਿਆਦਾ ਚੰਗੀ ਸਥਿਤੀ ਵਿੱਚ ਹੈ। ਪਰ ਹੁਣ ਜਦੋਂ ਉਹ ਰੱਖਿਆਤਮਕ ਸਥਿਤੀ ਵਿੱਚ ਪਹੁੰਚ ਗਈ ਹੈ ਤਾਂ ਅਕਾਲੀ ਦਲ ਤੇ ਕਾਂਗਰਸ ਜ਼ਿਆਦਾ ਹਮਲਾਵਰ ਹੋ ਗਏ ਹਨ। ਇਸ ਤੋਂ ਪਹਿਲਾਂ ਮਾਰਚ-ਅਪ੍ਰੈਲ ਵਿੱਚ ਆਪ ਲੀਡਰਸ਼ਿਪ ਨੇ ਸੂਬੇ ਦੇ ਨਾਜ਼ੁਕ ਮਸਲੇ ਪਾਣੀਆਂ ਦੀ ਵੰਡ ਨੂੰ ਲੈ ਕੇ ਸਿਆਸੀ ਪਰਿਪੱਕਤਾ ਦੀ ਸੂਝ-ਬੂਝ ਨਹੀਂ ਦਿਖਾਈ। ਇਸ ਮਾਮਲੇ ਉਤੇ ਅਕਾਲੀ ਦਲ ਨੇ ਕੇਜਰੀਵਾਲ ਸਰਕਾਰ ਦੀ ਕਾਫੀ ਖਿਚਾਈ ਕੀਤੀ। ਆਮ ਆਦਮੀ ਪਾਰਟੀ ਦੀ ਇਸ ਗੱਲੋਂ ਵੀ ਆਲੋਚਨਾ ਹੋ ਰਹੀ ਹੈ ਕਿ ਇਹ ਬਾਹਰ ਵਾਲਿਆਂ ਦੀ ਪਾਰਟੀ ਹੈ। ਇਸ ਪਾਰਟੀ ਦੀ ਲੀਡਰਸ਼ਿਪ ਦੁਆਰਾ ਪੰਜਾਬੀ ਲੀਡਰਾਂ ਨੂੰ ਜ਼ਿਆਦਾ ਮਹੱਤਵ ਹੀ ਨਹੀਂ ਦਿੱਤਾ ਜਾ ਰਿਹਾ। ਇਸ ਤੋਂ ਇਲਾਵਾ ਅਕਾਲੀ ਜਾਂ ਕਾਂਗਰਸ ਪਿਛੋਕੜ ਵਾਲੇ ਵੱਡੇ ਲੀਡਰ ਇਸ ਪਾਰਟੀ ਵਿੱਚ ਆਉਣਾ ਚਾਹ ਰਹੇ ਹਨ ਪਰ ਉਨ੍ਹਾਂ ਨੂੰ ਪ੍ਰਵੇਸ਼ ਨਹੀਂ ਹੋਣ ਦਿੱਤਾ ਜਾ ਰਿਹਾ। ਹਾਲ ਹੀ ਦੀਆਂ ਘਟਨਾਵਾਂ ਨੇ ਤਾਂ ਇਸ ਪਾਰਟੀ ਦਾ ਕਾਫੀ ਨੁਕਸਾਨ ਕੀਤਾ ਹੈ ਅਤੇ ਅਕਾਲੀ ਦਲ ਜੋ ਮੁੱਦਿਆਂ ਦੀ ਭਾਲ ਕਰ ਰਿਹਾ ਸੀ, ਨੂੰ ਬੈਠੇ ਬਿਠਾਏ ਨੂੰ ਥਾਲੀ ਵਿੱਚ ਪਰੋਸ ਕੇ ਮੁੱਦੇ ਦੇ ਦਿੱਤੇ ਹਨ।
ਅਜਿਹਾ ਨਹੀਂ ਕਿ ਸਿਰਫ ਆਪ ਹੀ ਗਲਤੀਆਂ ਕਰ ਰਹੀ ਹੈ, ਅਜਿਹੇ ਹੀ ਗਲਤ ਫੈਸਲੇ ਕਾਂਗਰਸ ਨੇ ਵੀ ਲਏ ਹਨ। ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਨੇ ਕਮਲ ਨਾਥ ਨੂੰ ਪੰਜਾਬ ਦਾ ਇੰਚਾਰਜ ਲਗਾ ਦਿੱਤਾ। ਕਮਲ ਨਾਥ ਦਾ ਨਾਮ 1984 ਦੇ ਸਿੱਖ ਕਤਲੇਆਮ ਨਾਲ ਜੁੜਿਆ ਹੋਇਆ ਹੈ।  ਭਾਵੇਂ ਕੈਪਟਨ ਅਮਰਿੰਦਰ ਸਿੰਘ ਨੇ ਇਸ ਨਿਯੁਕਤੀ ਦਾ ਸਵਾਗਤ ਕੀਤਾ ਸੀ ਪਰ ਅਕਾਲੀ ਲੀਡਰਸ਼ਿਪ ਅਤੇ ਭਾਜਪਾ ਨੇ ਇਸ ਨਿਯੁਕਤੀ ਦੀ ਆਲੋਚਨਾ ਕੀਤੀ ਤੇ ਇਹ ਕਹਿਣ ਦਾ ਮੌਕਾ ਦਿੱਤਾ ਕਿ ਕਾਂਗਰਸ ਸਿੱਖਾਂ ਕੀ ਦੁਸ਼ਮਣ ਪਾਰਟੀ ਹੈ। ਇਸ ਕਾਰਨ ਕਾਂਗਰਸ ਲੀਡਰਸ਼ਿਪ ਨੂੰ ਤੁਰੰਤ ਫੈਸਲਾ ਬਦਲਣਾ ਪਿਆ ਅਤੇ ਉਸ ਨੂੰ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੀ ਆਸ਼ਾ ਕੁਮਾਰੀ ਨੂੰ ਇੰਚਾਰਜ ਲਗਾਉਣਾ ਪਿਆ। ਉਂਝ ਆਸ਼ਾ ਕੁਮਾਰੀ ਨੂੰ ਵੀ ਜ਼ਮੀਨ ਹੱੜਪਣ ਦੇ ਇਕ ਕੇਸ ਵਿੱਚ ਦੋਸ਼ੀ ਠਹਿਰਾਇਆ ਹੋਇਆ ਹੈ। ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਅਮਰੀਕਾ ਅਤੇ ਕੈਨੇਡਾ ਦੌਰੇ ਵੀ ਜ਼ਿਆਦਾ ਲਾਭਦਾਇਕ ਸਿੱਧ ਨਹੀਂ ਹੋਏ। ਅਪ੍ਰੈਲ ਮਈ ਵਿੱਚ ਅਮਰਿੰਦਰ ਸਿੰਘ ਪ੍ਰਵਾਸੀ ਭਾਰਤੀਆਂ ਨੂੰ ਕਾਂਗਰਸ ਦੇ ਹੱਕ ਵਿੱਚ ਪ੍ਰਭਾਵਿਤ ਕਰਨ ਲਈ ਗਏ ਸਨ ਪਰ ਕੈਨੇਡਾ ਵਿੱਚ ਕਾਨੂੰਨੀ ਬਿਪਤਾ ਵਿੱਚ ਫਸਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਵਾਪਸ ਪਰਤਣਾ ਪਿਆ। ਇਸ ਪ੍ਰਕਾਰ ਇਹ ਤਿੰਨ ਹਫਤੇ ਅਕਾਲੀ ਦਲ ਨੂੰ ਪਾਰਟੀ ਨੂੰ ਟਰੈਕ ‘ਤੇ ਲਿਆਉਣ ਦਾ ਮੌਕਾ ਮਿਲਿਆ।
ਅੰਤ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਬੇਸ਼ੱਕ ਵਿਧਾਨ ਸਭਾ ਚੋਣਾਂ ਵਿੱਚ 6 ਮਹੀਨੇ ਬਾਕੀ ਪਏ ਹਨ ਪਰ ਕਿਸੇ ਇਕ ਦੀ ਗਲਤੀ ਉਛਾਲ ਕੇ ਆਪਣੇ ਆਪ ਨੂੰ ਮਜ਼ਬੂਤ ਕਰਨ ਲਈ ਸਿਆਸੀ ਲੀਡਰ ਮੌਕੇ ਦੀ ਭਾਲ ਵਿੱਚ ਬੈਠੇ ਹੀ ਰਹਿਣਗੇ।

About admin

Check Also

ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਯਸ਼ਵੰਤ ਸਿਨਹਾ ਅਤੇ ਸ਼ਤਰੂਘਨ ਸਿਨਹਾ  

ਆਨੰਦਪੁਰ ਸਾਹਿਬ, 21 ਮਈ(ਪੱਤਰ ਪ੍ਰੇਰਕ) : ਰਾਸ਼ਟਰ ਮੰਚ ਦੇ ਆਗੂ ਯਸ਼ਵੰਤ ਸਿਨਹਾ ਅਤੇ ਸ਼ਤਰੂਘਨ ਸਿਨਹਾ …

Leave a Reply

Your email address will not be published. Required fields are marked *