ਚੰਡੀਗੜ੍ਹ : ਕਣਕ ਦੇ ਭਾਅ ਸਾਰੇ ਰਿਕਾਰਡ ਤੋੜ ਰਹੇ ਹਨ। ਆਟਾ ਮਿੱਲਾਂ ਦੀ ਮਜ਼ਬੂਤ ਮੰਗ ਦੇ ਵਿਚਕਾਰ ਸਪਲਾਈ ਵਿੱਚ ਗਿਰਾਵਟ ਕਰਕੇ ਬੀਤੇ ਦਿਨ ਕਣਕ ਦੀਆਂ ਕੀਮਤਾਂ ਰਿਕਾਰਡ ਉੱਚ ਪੱਧਰ ‘ਤੇ ਪਹੁੰਚ ਗਈਆਂ। ਆਟਾ ਮਿੱਲਾਂ ਮੁਤਾਬਕ ਮੰਡੀ ਵਿੱਚ ਕਣਕ ਦੀ ਸਪਲਾਈ ਸੀਮਤ ਹੈ। ਰਿਕਾਰਡ ਭਾਅ ਦੇਣ ਦੇ ਬਾਵਜੂਦ ਆਟਾ ਮਿੱਲਾਂ ਪੂਰੀ ਸਮਰੱਥਾ ਨਾਲ ਨਹੀਂ ਚੱਲ ਰਹੀਆਂ।
ਉਧਰ, ਰਿਕਾਰਡ ਕੀਮਤਾਂ ਨਾਲ ਪ੍ਰਚੂਨ ਮਹਿੰਗਾਈ ਵਧਣ ਦੀ ਸੰਭਾਵਨਾ ਹੈ। ਜੇਕਰ ਮਹਿੰਗਾਈ ਵਧਦੀ ਹੈ ਤਾਂ ਇਸ ਦਾ ਅਸਰ ੍ਰਭੀ ਦੇ ਵਿਆਜ ਦਰਾਂ ‘ਚ ਕਟੌਤੀ ਦੇ ਫ਼ੈਸਲੇ ‘ਤੇ ਪੈ ਸਕਦਾ ਹੈ। ਦੱਸ ਦਈਏ ਕਿ ਦਸੰਬਰ ਵਿੱਚ ਸਰਕਾਰ ਨੇ ਅਨਾਜ ਦੀ ਉਪਲਬਧਤਾ ਵਧਾਉਣ ਤੇ ਕੀਮਤਾਂ ਨੂੰ ਕੰਟਰੋਲ ਕਰਨ ਲਈ ਵਪਾਰੀਆਂ ਲਈ ਸਟਾਕ ਸੀਮਾ ਘਟਾ ਦਿੱਤੀ ਸੀ। ਹਾਲਾਂਕਿ ਸਰਕਾਰ ਦੀ ਇਹ ਪਹੁੰਚ ਕੀਮਤਾਂ ਨੂੰ ਹੇਠਾਂ ਲਿਆਉਣ ਵਿੱਚ ਅਸਫਲ ਰਹੀ ਹੈ। ਸਰਕਾਰ ਦੇ ਉਪਰੋਕਤ ਫ਼ੈੈਸਲੇ ਤੋਂ ਬਾਅਦ ਵੀ ਨਵੀਂ ਦਿੱਲੀ ਵਿੱਚ ਕਣਕ ਦਾ ਭਾਅ 33,000 ਰੁਪਏ ਪ੍ਰਤੀ ਟਨ ਦੇ ਆਸ-ਪਾਸ ਚੱਲ ਰਿਹਾ ਹੈ।
ਅਪ੍ਰੈਲ ‘ਚ ਇਹ 24,500 ਰੁਪਏ ਤੋਂ ਜ਼ਿਆਦਾ ਸੀ। ਇਸ ਦੇ ਨਾਲ ਹੀ ਪਿਛਲੇ ਸੀਜ਼ਨ ਦੀ ਫਸਲ ਦਾ ਘੱਟੋ-ਘੱਟ ਸਮਰਥਨ ਮੁੱਲ 22,750 ਰੁਪਏ ਤੋਂ ਜ਼ਿਆਦਾ ਸੀ। ਮਿੱਲ ਮਾਲਕਾਂ ਦਾ ਕਹਿਣਾ ਹੈ ਕਿ ਭੰਡਾਰਨ ਸੀਮਾ ਸਪਲਾਈ ਵਿੱਚ ਸੁਧਾਰ ਕਰਨ ਤੇ ਕੀਮਤਾਂ ਨੂੰ ਘਟਾਉਣ ਵਿੱਚ ਅਸਫਲ ਰਹੀ ਹੈ। ਇਹ ਦਰਸਾਉਂਦਾ ਹੈ ਕਿ ਪ੍ਰਾਈਵੇਟ ਕੰਪਨੀਆਂ ਕੋਲ ਕੁਝ ਸਪਲਾਈ ਹੈ ਤੇ ਸਰਕਾਰ ਨੂੰ ਆਪਣੇ ਭੰਡਾਰਾਂ ਵਿੱਚੋਂ ਹੋਰ ਕਣਕ ਥੋਕ ਗਾਹਕਾਂ ਨੂੰ ਵੇਚਣ ਦੀ ਲੋੜ ਹੈ।










