ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੇ ਹੈਲੀਕਾਪਟਰ ਦੀ ਹੋਈ ਐਮਰਜੈਂਸੀ ਲੈਂਡਿੰਗ

0
50

ਲਖਨਊ : ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਅੱਜ ਇੱਕ ਵੱਡੇ ਹਾਦਸੇ ਦਾ ਸ਼ਿਕਾਰ ਹੁੰਦੇ-ਹੁੰਦੇ ਵਾਲ-ਵਾਲ ਬੱਚ ਗਏ। ਲਖਨਊ ਤੋਂ ਕੌਸ਼ਾਂਬੀ ਦੇ ਲਈ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ, ਉਨ੍ਹਾਂ ਦੇ ਹੈਲੀਕਾਪਟਰ ਵਿੱਚ ਇੱਕ ਗੰਭੀਰ ਤਕਨੀਕੀ ਖਰਾਬੀ ਆ ਗਈ, ਜਿਸ ਦੇ ਕਾਰਨ ਰਾਜਧਾਨੀ ਦੇ ਅਮੌਸੀ ਹਵਾਈ ਅੱਡੇ ‘ਤੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕਰਨੀ ਪਈ।

ਜਾਣਕਾਰੀ ਦੇ ਅਨੁਸਾਰ, ਉਪ ਮੁੱਖ ਮੰਤਰੀ ਲਖਨਊ ਦੇ ਲਾ ਮਾਰਟਸ ਗਰਾਊਂਡ ਤੋਂ ਕੌਸ਼ਾਂਬੀ ਜਾਣ ਦੇ ਲਈ ਰਵਾਨਾ ਹੋਏ ਸਨ। ਉਡਾਣ ਭਰਨ ਤੋਂ ਕੁਝ ਮਿੰਟਾਂ ਬਾਅਦ, ਹੈਲੀਕਾਪਟਰ ਦੇ ਕੈਬਿਨ ਵਿੱਚ ਅਚਾਨਕ ਧੂੰਆਂ ਭਰ ਗਿਆ ਅਤੇ ਡਿਸਪਲੇਅ ਅਚਾਨਕ ਬੰਦ ਹੋ ਗਿਆ, ਜਿਸ ਨਾਲ ਅੰਦਰ ਬੈਠੇ ਲੋਕਾਂ ’ਚ ਹਫੜਾ-ਤਫੜੀ ਮੱਚ ਗਈ।

ਪਾਇਲਟ ਨੇ  ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ, ਤੁਰੰਤ ਲਖਨਊ ਏਟੀਸੀ ਨਾਲ ਸੰਪਰਕ ਕੀਤਾ ਅਤੇ ਅਮੌਸੀ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਦੀ ਇਜਾਜ਼ਤ ਮੰਗੀ। ਐਮਰਜੈਂਸੀ ਲੈਂਡਿੰਗ ਸਮੇਂ ਹਵਾਈ ਅੱਡੇ ‘ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।

ਜਿਵੇਂ ਹੀ ਹੈਲੀਕਾਪਟਰ ਜ਼ਮੀਨ ’ਤੇ ਲੈਂਡ ਹੋਇਆ, ਸੁਰੱਖਿਆ ਅਤੇ ਤਕਨੀਕੀ ਟੀਮਾਂ ਨੇ ਤੁਰੰਤ ਉਸ ਨੂੰ ਘੇਰ ਲਿਆ, ਅਤੇ ਉਪ ਮੁੱਖ ਮੰਤਰੀ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਮੁੱਢਲੀ ਜਾਂਚ ਵਿੱਚ ਤਕਨੀਕੀ ਖਰਾਬੀ ਦਾ ਸੰਕੇਤ ਮਿਲਦਾ ਹੈ, ਜਿਸ ਦੀ ਵਿਸਤ੍ਰਿਤ ਜਾਂਚ ਤਕਨੀਕੀ ਮਾਹਿਰਾਂ ਦੀ ਇੱਕ ਟੀਮ ਕਰ ਰਹੀ ਹੈ।

LEAVE A REPLY

Please enter your comment!
Please enter your name here