ਫਗਵਾੜਾ : ਬੀਤੀ ਰਾਤ ਫਗਵਾੜਾ ਸ਼੍ਰੀ ਕ੍ਰਿਸ਼ਨ ਗਊਸ਼ਾਲਾ (Phagwara Sri Krishna Gaushala) ਵਿੱਚ ਕੁਝ ਸ਼ਰਾਰਤੀ ਅਨਸਰਾਂ ਨੇ ਗਊਆਂ ਨੂੰ ਜ਼ਹਿਰੀਲਾ ਪਦਾਰਥ ਖੁਆ ਦਿੱਤਾ, ਜਿਸ ਕਾਰਨ ਕਈ ਗਊਆਂ ਅਚਾਨਕ ਬੇਹੋਸ਼ ਹੋ ਗਈਆਂ ਅਤੇ ਮਰਨੀਆਂ ਸ਼ੁਰੂ ਹੋ ਗਈਆਂ। ਹੁਣ ਤੱਕ ਇੱਕ ਦਰਜਨ ਦੇ ਕਰੀਬ ਗਾਵਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਗਾਵਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜਿਸ ਕਾਰਨ ਫਗਵਾੜਾ ਵਾਸੀਆਂ ਵਿੱਚ ਭਾਰੀ ਰੋਸ ਹੈ। ਇਸ ਕਾਰਨ ਹਿੰਦੂ ਜਥੇਬੰਦੀਆਂ ਨੇ ਅੱਜ ਤੋਂ ਫਗਵਾੜਾ ਸ਼ਹਿਰ ਵਿੱਚ ਦੁਕਾਨਾਂ ਬੰਦ ਰੱਖਣ ਦਾ ਸੱਦਾ ਦਿੱਤਾ ਹੈ। ਉਥੇ ਮੌਜੂਦ ਹੋਰ ਲੋਕਾਂ ਨੇ ਵੀ ਇਸ ਕਾਲ ਲਈ ਹਾਮੀ ਭਰੀ ਹੈ।
ਇਸ ਘਟਨਾ ਤੋਂ ਬਾਅਦ ਫਗਵਾੜਾ ਵਾਸੀਆਂ ਦੇ ਨਾਲ-ਨਾਲ ਸਮੂਹ ਹਿੰਦੂ ਜਥੇਬੰਦੀਆਂ ਵੱਲੋਂ ਵੀ ਰੋਸ ਪ੍ਰਗਟਾਇਆ ਜਾ ਰਿਹਾ ਹੈ। ਹਿੰਦੂ ਸੰਗਠਨ ਦੇ ਨੇਤਾ ਦੀਪਕ ਭਾਰਦਵਾਜ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਇਸ ਘਿਨਾਉਣੀ ਹਰਕਤ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੂੰ ਕਾਬੂ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਜਦੋਂ ਤੱਕ ਮੁਲਜ਼ਮ ਫੜੇ ਨਹੀਂ ਜਾਂਦੇ ਉਹ ਦੁਕਾਨਾਂ ਬੰਦ ਰੱਖਣਗੇ। ਉਨ੍ਹਾਂ ਕਿਹਾ ਕਿ ਅੱਜ ਤੋਂ ਬਾਜ਼ਾਰ ਬੰਦ ਰਹਿਣਗੇ। ਇਸ ਮੌਕੇ ਹਾਜ਼ਰ ਸਾਰਿਆਂ ਨੇ ਇਸ ਗੱਲ ਦੀ ਹਾਮੀ ਵੀ ਭਰੀ।
ਘਟਨਾ ਦੀ ਸੂਚਨਾ ਮਿਲਣ ‘ਤੇ ਸੰਸਦ ਮੈਂਬਰ ਰਾਜ ਕੁਮਾਰ ਚੱਬੇਵਾਲ, ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ‘ਤੇ ਪੁੱਜੇ । ਇਸ ਮੌਕੇ ਗੱਲਬਾਤ ਕਰਦਿਆਂ ਸੰਸਦ ਮੈਂਬਰ ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਇਸ ਤੋਂ ਵੱਧ ਦਰਦਨਾਕ ਕੋਈ ਹਾਦਸਾ ਨਹੀਂ ਹੋ ਸਕਦਾ। ਗਊਸ਼ਾਲਾ ‘ਚ ਜ਼ਹਿਰ ਕਾਰਨ 10 ਦੇ ਕਰੀਬ ਗਾਵਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਗਾਵਾਂ ਵੀ ਇਸ ਨਾਲ ਪੀੜਤ ਹਨ। ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ, 4-5 ਗਾਵਾਂ ਨੂੰ ਬਚਾਇਆ ਗਿਆ ਹੈ। ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਪਸ਼ੂਆਂ ਦੇ ਡਾਕਟਰਾਂ ਦੀਆਂ ਹੋਰ ਟੀਮਾਂ ਭੇਜਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਮ੍ਰਿਤਕ ਗਊਆਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ, ਪੁਲਿਸ ਵੀ ਜਾਂਚ ਕਰ ਰਹੀ ਹੈ। ਦੋਸ਼ੀਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਸ ਘਟਨਾ ਦੀ ਨਿਖੇਧੀ ਕਰਦਿਆਂ ਇਸ ਨੂੰ ਬਹੁਤ ਹੀ ਘਿਨਾਉਣੀ ਕਾਰਵਾਈ ਦੱਸਿਆ।










