ਜਲੰਧਰ : ਪੰਜਾਬ ‘ਚ ਠੰਡ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਜਿਸ ਕਾਰਨ ਪਸ਼ੂ-ਪੰਛੀਆਂ ਨੂੰ ਹੀ ਨਹੀਂ ਸਗੋਂ ਮਨੁੱਖਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦਈਏ ਕਿ ਬੀਤੇ ਦਿਨ ਜਲੰਧਰ ‘ਚ ਕੜਾਕੇ ਦੀ ਠੰਡ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ।
ਜਿਸ ਕਾਰਨ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਗਿਆ ਹੈ। ਫਿਲਹਾਲ ਲਾਸ਼ ਨੂੰ 72 ਘੰਟੇ ਤੱਕ ਸਿਵਲ ਹਸਪਤਾਲ ਦੇ ਮੁਰਦਾਘਰ ‘ਚ ਰੱਖਿਆ ਜਾਵੇਗਾ। ਜੇਕਰ 72 ਘੰਟੇ ਤੱਕ ਕੋਈ ਨਹੀਂ ਆਇਆ ਤਾਂ ਪੁਲਿਸ ਉਸ ਵਿਅਕਤੀ ਦਾ ਅੰਤਿਮ ਸਸਕਾਰ ਕਰੇਗੀ।
ਉਕਤ ਵਿਅਕਤੀ ਦੀ ਲਾਸ਼ ਥਾਣਾ ਡਵੀਜ਼ਨ ਨੰਬਰ 2 ਦੇ ਖੇਤਰ ‘ਚ ਪੈਂਦੀ ਨਵੀਂ ਅਨਾਜ ਮੰਡੀ ‘ਚੋਂ ਬਰਾਮਦ ਹੋਈ ਹੈ । ਜਦੋਂ ਲੋਕਾਂ ਨੇ ਉਥੇ ਬੇਹੋਸ਼ ਵਿਅਕਤੀ ਦੀ ਲਾਸ਼ ਪਈ ਦੇਖੀ ਤਾਂ ਮਾਮਲੇ ਦੀ ਸੂਚਨਾ ਤੁਰੰਤ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਥਾਣਾ ਨੰਬਰ-2 ਦੀ ਪੁਲਿਸ ਜਾਂਚ ਲਈ ਮੌਕੇ ‘ਤੇ ਪਹੁੰਚ ਗਈ।
ਸਬ-ਇੰਸਪੈਕਟਰ ਗੁਲਸ਼ਨ ਕੁਮਾਰ ਨੇ ਦੱਸਿਆ ਕਿ ਆਸ-ਪਾਸ ਦੇ ਲੋਕਾਂ ਤੋਂ ਲਾਸ਼ ਦੀ ਸ਼ਨਾਖਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਕੁਝ ਨਹੀਂ ਮਿਲਿਆ। ਐਸ.ਆਈ ਗੁਲਸ਼ਨ ਕੁਮਾਰ ਨੇ ਦੱਸਿਆ- ਮ੍ਰਿਤਕ ਦੀ ਉਮਰ 30 ਤੋਂ 35 ਸਾਲ ਦੇ ਕਰੀਬ ਹੈ। ਉਸ ਕੋਲੋਂ ਅਜੇ ਤੱਕ ਕੋਈ ਦਸਤਾਵੇਜ਼ ਬਰਾਮਦ ਨਹੀਂ ਹੋਇਆ ਹੈ ਅਤੇ ਨਾ ਹੀ ਸਰੀਰ ‘ਤੇ ਕੋਈ ਨਿਸ਼ਾਨ ਮਿਲੇ ਹਨ। ਸ਼ੁਰੂਆਤੀ ਜਾਂਚ ‘ਚ ਮੌਤ ਦਾ ਕਾਰਨ ਠੰਡ ਲੱਗ ਰਿਹਾ ਹੈ।










