Sports News : ਦੇਸ਼ ਦੀ ਧੀ ਜੈਸਮਿਨ ਲੈਂਬੋਰੀਆ ਨੇ ਕਮਾਲ ਕਰ ਦਿੱਤਾ ਹੈ। ਵਰਲਡ ਬਾਕਸਿੰਗ ਚੈਂਪੀਅਨਸ਼ਿਪ 2025 ਦੀ 57 ਕਿਲੋਗ੍ਰਾਮ ਕੈਟੇਗਰੀ ਵਿੱਚ ਉਨ੍ਹਾਂ ਨੇ ਗੋਲਡ ਮੈਡਲ ਹਾਸਲ ਕਰਦੇ ਹੋਏ ਦੇਸ਼ ਵਾਸੀਆਂ ਦੇ ਚਿਹਰੇ ‘ਤੇ ਮੁਸਕਾਨ ਖਿਲਾਰ ਦਿੱਤੀ ਹੈ। ਹਰ ਕੋਈ ਉਨ੍ਹਾਂ ਦੀ ਤਾਰੀਫ ਕਰ ਰਿਹਾ ਹੈ। ਫਾਈਨਲ ਮੁਕਾਬਲੇ ਵਿੱਚ ਉਨ੍ਹਾਂ ਦੀ ਭਿੜੰਤ ਪੋਲੈਂਡ ਦੀ ਜੂਲੀਆ ਸੇਰੇਮੇਟਾ ਦੇ ਨਾਲ ਹੋਈ ਸੀ। ਜਿੱਥੇ ਉਨ੍ਹਾਂ ਨੇ ਆਪਣੇ ਵਿਰੋਧੀ ਨੂੰ ਸਪਲਿਟ ਫ਼ੈਸਲੇ ਨਾਲ ਮਾਤ ਦਿੱਤੀ। ਜੈਸਮਿਨ ਦੀ ਜਿੱਤ ਇਸ ਲਈ ਵੀ ਕਾਫੀ ਮਹੱਤਵਪੂਰਨ ਹੈ, ਕਿਉਂਕਿ ਭਾਰਤ ਦਾ ਇਸ ਚੈਂਪੀਅਨਸ਼ਿਪ ਵਿੱਚ ਇਹ ਪਹਿਲਾ ਗੋਲਡ ਮੈਡਲ ਹੈ। ਜੂਲੀਆ ਨੇ ਹਾਲ ਹੀ ਵਿੱਚ ਪੈਰਿਸ ਓਲੰਪਿਕਸ 2024 ਵਿੱਚ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਸਿਲਵਰ ਮੈਡਲ ਆਪਣੇ ਨਾਮ ਕੀਤਾ।
ਜਾਣਕਾਰੀ ਮੁਤਾਬਕ ਮੁਕਾਬਲੇ ਦੌਰਾਨ ਪਹਿਲੇ ਰਾਊਂਡ ਵਿੱਚ ਜੈਸਮੀਨ, ਜੂਲੀਆ ਤੋਂ ਪਿੱਛੇ ਚੱਲ ਰਹੀ ਸੀ। ਪਰ ਉਨ੍ਹਾਂ ਨੇ ਹੌਸਲਾ ਬਣਾਈ ਰੱਖਿਆ ਅਤੇ ਦੂਜੇ ਰਾਊਂਡ ਵਿੱਚ ਜ਼ਬਰਦਸਤ ਤਰੀਕੇ ਨਾਲ ਵਾਪਸੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਪੂਰੇ ਮੈਚ ਦੌਰਾਨ ਇੱਕ ਵਾਰ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ। ਨਤੀਜਾ ਇਹ ਰਿਹਾ ਕਿ ਉਹ ਮੈਚ ਨੂੰ 4-1 ਦੇ ਫਰਕ ਨਾਲ ਆਪਣੇ ਨਾਮ ਕਰਨ ਵਿੱਚ ਕਾਮਯਾਬ ਰਹੀ।
ਫਾਈਨਲ ਮੈਚ ਵਿੱਚ ਜਿੱਤ ਤੋਂ ਬਾਅਦ ਜੈਸਮੀਨ ਬਹੁਤ ਖੁਸ਼ ਦਿਖਾਈ ਦੇ ਰਹੀ ਸੀ। ਮੈਚ ਤੋਂ ਬਾਅਦ, ਉਨ੍ਹਾਂ ਨੇ ਕਿਹਾ ਕਿ ਪੈਰਿਸ ਓਲੰਪਿਕ ਵਿੱਚ ਉਨ੍ਹਾਂ ਦਾ ਪ੍ਰਦਰਸ਼ਨ ਬਹੁਤ ਵਧੀਆ ਨਹੀਂ ਸੀ। ਨਤੀਜੇ ਵਜੋਂ, ਉਨ੍ਹਾਂ ਨੂੰ ਜਲਦੀ ਹੀ ਬਾਹਰ ਹੋਣਾ ਪਿਆ। ਇਸ ਤੋਂ ਉਹ ਬਹੁਤ ਨਿਰਾਸ਼ ਸੀ।
ਜੈਸਮੀਨ ਲੰਬੋਰੀਆ ਨੇ ਬਾਕਸਿੰਗ ਚੈਂਪੀਅਨਸ਼ਿਪ 2025 ਵਿੱਚ ਦੇਸ਼ ਦਾ ਝੰਡਾ ਬੁਲੰਦ ਕੀਤਾ ਹੈ, ਉੱਥੇ ਪੂਜਾ ਰਾਣੀ ਨੂੰ ਅਸਫਲਤਾ ਦਾ ਸਾਹਮਣਾ ਕਰਨਾ ਪਿਆ ਹੈ। ਉਹ 80 ਕਿਲੋਗ੍ਰਾਮ ਵਰਗ ਵਿੱਚ ਸੈਮੀਫਾਈਨਲ ਤੋਂ ਅੱਗੇ ਨਹੀਂ ਵਧ ਸਕੀ। ਜਿਸ ਕਾਰਨ ਉਨ੍ਹਾਂ ਨੂੰ ਕਾਂਸੀ ਦੇ ਤਗਮੇ ਨਾਲ ਸੰਤੁਸ਼ਟ ਹੋਣਾ ਪਿਆ। ਸੈਮੀਫਾਈਨਲ ਮੈਚ ਵਿੱਚ ਪੂਜਾ ਰਾਣੀ ਦਾ ਸਾਹਮਣਾ ਐਮਿਲੀ ਐਸਕੁਇਥ ਨਾਲ ਹੋਇਆ।










