ਸ਼ਹਾਕੋਟ : ਸ਼ਹਾਕੋਟ ਦੇ ਪਿੰਡ ਬਾਜਵਾ ਕਲਾਂ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਇੱਥੋ ਦੇ ਵਸਨੀਕ ਸਾਬਕਾ ਕਬੱਡੀ ਖਿਡਾਰੀ ਦੀ ਭੇਤ-ਭਰੀ ਹਾਲਤ ’ਚ ਮੌਤ ਹੋ ਗਈ ਅਤੇ ਉਸਦੀ ਲਾਸ਼ ਥਾਣਾ ਸ਼ਾਹਕੋਟ ਅੰਦਰੋਂ ਬਰਾਮਦ ਹੋਈ ਹੈ। ਜਾਣਕਾਰੀ ਮੁਤਾਬਕ ਕਰੀਬ 3 ਦਿਨ ਬਾਅਦ ਲਾਸ਼ ਖ਼ਰਾਬ ਹੋਣ ਕਾਰਨ ਬਦਬੂ ਆਉਣ ’ਤੇ ਪੁਲਸ ਮੁਲਾਜ਼ਮਾਂ ਨੂੰ ਥਾਣੇ ’ਚੋਂ ਹੀ ਬਰਾਮਦ ਹੋਈ।
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਗੁਰਭੇਜ ਸਿੰਘ ਭੇਜਾ (26 ਸਾਲ) ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਬਾਜਵਾ ਕਲਾਂ (ਸ਼ਾਹਕੋਟ) ਜੋ ਕਬੱਡੀ ਦਾ ਵਧੀਆ ਖਿਡਾਰੀ ਰਹਿ ਚੁਕਿਆ ਹੈ। ਇਹ ਨੌਜਵਾਨ ਸ਼ਾਹਕੋਟ ਥਾਣੇ ’ਚ ਪਿਛਲੇ ਕੁੱਝ ਮਹੀਨਿਆਂ ਤੋਂ ਚਾਹ-ਪਾਣੀ ਪਿਆਉਣ ਤੇ ਮੁਲਾਜ਼ਮਾਂ ਦੀ ਮਾਲਿਸ਼ ਕਰਨ ਦਾ ਕੰਮ ਕਰਦਾ ਸੀ। ਬੀਤੇ ਦਿਨ ਇਹ ਨੌਜਵਾਨ ਥਾਣੇ ਕੰਮ ਕਰਨ ਗਿਆ, ਪਰ ਘਰ ਵਾਪਸ ਨਾ ਆਇਆ।ਜਿਸ ਦੇ ਸੰਬੰਧ ਵਿੱਚ ਪਰਿਵਾਰਕ ਮੈਂਬਰਾਂ ਵੱਲੋਂ ਨੌਜਵਾਨ ਦੀ ਭਾਲ ਕੀਤੀ ਗਈ, ਪਰ ਕਿਤੇ ਵੀ ਨਹੀਂ ਲੱਭਾ। ਪਰ ਬੀਤੇ ਦਿਨੀਂ ਜਦ ਲਾਸ਼ ਖਰਾਬ ਹੋਣ ਕਾਰਨ ਪੁਲਸ ਮੁਲਾਜ਼ਮਾਂ ਨੂੰ ਥਾਣੇ ਅੰਦਰੋਂ ਛੱਤ ਤੋਂ ਬਦਬੂ ਆਈ ਤਾਂ ਉਨ੍ਹਾਂ ਜਾ ਕੇ ਦੇਖਿਆ ਤਾਂ ਥਾਣੇ ਉੱਪਰ ਬਣੇ ਕਮਰੇ ‘ਚੋਂ ਨੌਜਵਾਨ ਦੀ ਲਾਸ਼ ਪਈ ਸੀ। ਜਿਸ ਵਿੱਚੋਂ ਬਦਬੂ ਆ ਰਹੀ ਸੀ।
ਇੱਥੇ ਸਭ ਤੋਂ ਵੱਧ ਹੈਰਾਨੀ ਇਸ ਗੱਲ ਦੀ ਹੈ ਕਿ ਤਿੰਨ ਦਿਨ ਥਾਣੇ ਅੰਦਰ ਲਾਸ਼ ਪਈ ਰਹਿਣ ਦੇ ਬਾਵਜੂਦ ਕਿਸੇ ਵੀ ਪੁਲਸ ਮੁਲਾਜ਼ਮ ਨੂੰ ਇਸ ਬਾਰੇ ਪਤਾ ਨਹੀਂ ਲੱਗਾ। ਲਾਸ਼ ਮਿਲਣ ’ਤੇ ਪੁਲਸ ਵੱਲੋਂ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ। ਹਾਲਾਂਕਿ ਪੁਲਸ ਵੱਲੋਂ ਨੌਜਵਾਨ ਦੀ ਲਾਸ਼ ਦਾ ਸਰਕਾਰੀ ਹਸਪਤਾਲ ਨਕੋਦਰ ਤੋਂ ਪੋਸਟਮਾਰਟਮ ਕਰਵਾਉਣ ਉਪਰੰਤ ਅੰਤਿਮ ਸੰਸਕਾਰ ਲਈ ਲਾਸ਼ ਵਾਰਸਾਂ ਹਵਾਲੇ ਕੀਤੀ ਗਈ। ਨੌਜਵਾਨ ਦੀ ਮੌਤ ਦਾ ਪਤਾ ਲੱਗਣ ‘ਤੇ ਪਿੰਡ ਵਾਸੀਆਂ ‘ਚ ਸੋਗ ਦੀ ਲਹਿਰ ਸੀ। ਇਸ ਘਟਨਾ ਸਬੰਧੀ ਥਾਣਾ ਸ਼ਾਹਕੋਟ ਦੇ ਐੱਸ.ਐੱਚ.ਓ. ਬਲਵਿੰਦਰ ਸਿੰਘ ਭੁੱਲਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੌਜਵਾਨ ਦੇ ਮੌਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਨੌਜਵਾਨ ਦੀ ਮੌਤ ਕੋਈ ਜ਼ਹਿਰੀਲੀ ਚੀਜ਼ ਦੇ ਲੜ ਜਾਣ ਕਾਰਨ ਹੋਈ ਲੱਗਦੀ ਹੈ।










