ਪਟਨਾ: ਚੋਣ ਕਮਿਸ਼ਨ ਨੇ ਬਿਹਾਰ ਵਿੱਚ ਪੋਲਿੰਗ ਸਟੇਸ਼ਨ ਅਫਸਰਾਂ (ਬੀ.ਐਲ.ਓ.) ਅਤੇ ਉਨ੍ਹਾਂ ਨਾਲ ਸਬੰਧਤ ਪ੍ਰਕਿਰਿਆਵਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਮਾਣਭੱਤੇ ਵਿੱਚ ਕਾਫ਼ੀ ਵਾਧਾ ਕਰਨ ਦਾ ਫ਼ੈੈਸਲਾ ਅੱਜ ਕੀਤਾ ਹੈ। ਕਮਿਸ਼ਨ ਦੇ ਅਨੁਸਾਰ, ਇਹ ਸੋਧ ਲਗਭਗ ਇੱਕ ਦਹਾਕੇ ਬਾਅਦ ਕੀਤੀ ਗਈ ਹੈ। ਬੀ.ਐਲ.ਓ. ਦੇ ਮਾਣਭੱਤੇ ਨੂੰ ਆਖਰੀ ਵਾਰ ਸਾਲ 2015 ਵਿੱਚ ਸੋਧਿਆ ਗਿਆ ਸੀ।
ਜਾਣੋ ਮਾਣਭੱਤੇ ਵਿੱਚ ਕਿੰਨਾ ਹੋਇਆ ਵਾਧਾ
ਕਮਿਸ਼ਨ ਦੇ ਇਸ ਫ਼ੈਸਲੇ ਦੇ ਤਹਿਤ, ਬੀ.ਐਲ.ਓ. ਦਾ ਸਾਲਾਨਾ ਮਾਣਭੱਤਾ ਹੁਣ ਛੇ ਹਜ਼ਾਰ ਤੋਂ ਵਧਾ ਕੇ 12 ਹਜ਼ਾਰ ਰੁਪਏ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਬੀ.ਐਲ.ਓ. ਨੂੰ ਪਹਿਲਾਂ ਵੋਟਰ ਸੂਚੀ ਦੇ ਵਿਸ਼ੇਸ਼ ਸੋਧ ਕਾਰਜ ਵਿੱਚ ਇੱਕ ਹਜ਼ਾਰ ਦੀ ਪ੍ਰੋਤਸਾਹਨ ਰਾਸ਼ੀ ਦਿੱਤੀ ਜਾਂਦੀ ਸੀ, ਜਿਸ ਨੂੰ ਹੁਣ ਦੁੱਗਣਾ ਕਰਕੇ ਦੋ ਹਜ਼ਾਰ ਰੁਪਏ ਕਰ ਦਿੱਤਾ ਗਿਆ ਹੈ। ਬਿਹਾਰ ਵਿੱਚ ਵਿਸ਼ੇਸ਼ ਤੀਬਰ ਸੋਧ ਮੁਹਿੰਮ ਲਈ ਬੀ.ਐਲ.ਓ. ਨੂੰ ਛੇ ਹਜ਼ਾਰ ਦੀ ਵਾਧੂ ਪ੍ਰੋਤਸਾਹਨ ਰਾਸ਼ੀ ਵੀ ਦਿੱਤੀ ਜਾਵੇਗੀ।
ਇਸ ਦੇ ਨਾਲ ਹੀ, ਬੀ.ਐਲ.ਓ. ਸੁਪਰਵਾਈਜ਼ਰਾਂ ਦਾ ਮਾਣਭੱਤਾ ਵੀ ਵਧਾ ਦਿੱਤਾ ਗਿਆ ਹੈ। ਉਨ੍ਹਾਂ ਦਾ ਮਾਣਭੱਤਾ 12 ਹਜ਼ਾਰ ਤੋਂ ਵਧਾ ਕੇ 18 ਹਜ਼ਾਰ ਰੁਪਏ ਕਰ ਦਿੱਤਾ ਗਿਆ ਹੈ। ਪਹਿਲੀ ਵਾਰ, ਚੋਣ ਕਮਿਸ਼ਨ ਨੇ ਚੋਣ ਰਜਿਸਟ੍ਰੇਸ਼ਨ ਅਧਿਕਾਰੀਆਂ ਅਤੇ ਸਹਾਇਕ ਚੋਣ ਰਜਿਸਟ੍ਰੇਸ਼ਨ ਅਧਿਕਾਰੀਆਂ ਨੂੰ ਮਾਣਭੱਤਾ ਪ੍ਰਦਾਨ ਕਰਨ ਦਾ ਵੀ ਐਲਾਨ ਕੀਤਾ ਹੈ। ਇਸ ਤਹਿਤ ਚੋਣ ਰਜਿਸਟ੍ਰੇਸ਼ਨ ਅਧਿਕਾਰੀਆਂ ਨੂੰ 30,000 ਰੁਪਏ ਅਤੇ ਸਹਾਇਕ ਚੋਣ ਰਜਿਸਟ੍ਰੇਸ਼ਨ ਅਧਿਕਾਰੀਆਂ ਨੂੰ 25,000 ਰੁਪਏ ਦਿੱਤੇ ਜਾਣਗੇ।
ਚੋਣ ਕਮਿਸ਼ਨ ਦੇ ਅਧਿਕਾਰਤ ਸੂਤਰਾਂ ਅਨੁਸਾਰ, ਇਹ ਫ਼ੈਸਲਾ ਕਮਿਸ਼ਨ ਦੀ ਇਸ ਵਚਨਬੱਧਤਾ ਨੂੰ ਦਰਸਾਉਂਦਾ ਹੈ ਕਿ ਫੀਲਡ ਪੱਧਰ ‘ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਉਨ੍ਹਾਂ ਦੀ ਮਿਹਨਤ ਦੇ ਅਨੁਸਾਰ ਢੁਕਵਾਂ ਮੁਆਵਜ਼ਾ ਮਿਲਣਾ ਚਾਹੀਦਾ ਹੈ ਕਿਉਂਕਿ ਉਹ ਪੂਰੀ ਚੋਣ ਪ੍ਰਕਿ ਰਿਆ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।










