ਮੁੰਬਈ : ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਅੰਡਰਵਰਲਡ ਡੌਨ ਦਾਊਦ ਇਬਰਾਹਿਮ ਦੇ ਗਿਰੋਹ ‘ਤੇ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬੀਤੇ ਦਿਨ, ਈਡੀ ਦੀਆਂ ਟੀਮਾਂ ਨੇ ਦਾਊਦ ਦੇ ਕਰੀਬੀ ਸਹਿਯੋਗੀ ਅਤੇ ਅੰਤਰਰਾਸ਼ਟਰੀ ਡਰੱਗ ਤਸਕਰ ਸਲੀਮ ਡੋਲਾ ਦੇ ਨੈੱਟਵਰਕ ਨੂੰ ਤੋੜਨ ਲਈ ਮੁੰਬਈ ਵਿੱਚ ਅੱਠ ਥਾਵਾਂ ‘ਤੇ ਛਾਪੇਮਾਰੀ ਕੀਤੀ।
ਈਡੀ ਨੇ ਮਨੀ ਲਾਂਡਰਿੰਗ ਰੋਕਥਾਮ ਐਕਟ (PMLA) 2002 ਦੇ ਤਹਿਤ ਮੁੰਬਈ ਦੇ ਅੱਠ ਵੱਖ-ਵੱਖ ਟਿਕਾਣਿਆਂ ‘ਤੇ ਛਾਪੇ ਮਾਰੇ ਹਨ। ਇਹ ਕਾਰਵਾਈ ਸਲੀਮ ਡੋਲਾ ਲਈ ਕੰਮ ਕਰਨ ਵਾਲੇ ਫੈਸਲ ਜਾਵੇਦ ਸ਼ੇਖ ਅਤੇ ਅਲਫੀਆ ਫੈਸਲ ਸ਼ੇਖ ਦੇ ਡਰੱਗਜ਼ ਨੈੱਟਵਰਕ ਨਾਲ ਜੁੜੇ ਗੈਰ-ਕਾਨੂੰਨੀ ਪੈਸੇ ਦੀ ਜਾਂਚ ਲਈ ਕੀਤੀ ਗਈ ਹੈ।
ਅਧਿਕਾਰੀਆਂ ਮੁਤਾਬਕ, ਸ਼ੇਖ ਸਲੀਮ ਡੋਲਾ ਰਾਹੀਂ ਐਮ.ਡੀ. (ਮੈਫੇਡਰੋਨ) ਡਰੱਗਜ਼ ਖਰੀਦਦਾ ਸੀ ਅਤੇ ਉਸਨੂੰ ਸਪਲਾਈ ਕਰਦਾ ਸੀ। ਸਲੀਮ ਡੋਲਾ ਲੰਬੇ ਸਮੇਂ ਤੋਂ ਈਡੀ ਅਤੇ ਨਾਰਕੋਟਿਕਸ ਕੰਟਰੋਲ ਬਿਊਰੋ (ਐਨ.ਸੀ.ਬੀ.) ਦੇ ਰਾਡਾਰ ‘ਤੇ ਹੈ। ਉਸ ‘ਤੇ ਨਸ਼ਿਆਂ ਦੀ ਤਸਕਰੀ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਫੰਡਿੰਗ ਕਰਨ ਦੇ ਗੰਭੀਰ ਇਲਜ਼ਾਮ ਹਨ। ਐਨ.ਸੀ.ਬੀ. ਨੇ ਉਸਦੀ ਗ੍ਰਿਫਤਾਰੀ ਵਿੱਚ ਮਦਦ ਕਰਨ ਵਾਲੀ ਜਾਣਕਾਰੀ ਦੇਣ ‘ਤੇ ਇਨਾਮ ਵੀ ਐਲਾਨਿਆ ਹੋਇਆ ਹੈ।
ਸਲੀਮ ਡੋਲਾ ਨੂੰ ਅੰਡਰਵਰਲਡ ਡੌਨ ਦਾਊਦ ਇਬਰਾਹਿਮ ਦਾ ਬਹੁਤ ਨੇੜੇ ਮੰਨਿਆ ਜਾਂਦਾ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਗ੍ਰਿਫਤਾਰ ਕੀਤੇ ਗਏ ਕਈ ਡਰੱਗ ਤਸਕਰ ਸਿੱਧੇ ਤੌਰ ‘ਤੇ ਉਸਦੇ ਨੈੱਟਵਰਕ ਨਾਲ ਜੁੜੇ ਹੋਏ ਪਾਏ ਗਏ ਹਨ। ਜ਼ਿਕਰਯੋਗ ਹੈ ਕਿ ਇਸ ਸਾਲ ਜੂਨ ਵਿੱਚ, ਉਸਦੇ ਪੁੱਤਰ, ਤਾਹਿਰ ਡੋਲਾ ਨੂੰ ਦੁਬਈ ਤੋਂ ਡਿਪੋਰਟ ਕਰ ਦਿੱਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਵੀ ਇਸ ਗੈਰ-ਕਾਨੂੰਨੀ ਕਾਰੋਬਾਰ ਵਿੱਚ ਸ਼ਾਮਲ ਸੀ।
ਈ.ਡੀ. ਦਾ ਇਹ ਛਾਪਾਮਾਰੀ ਦਾਊਦ ਇਬਰਾਹੀਮ ਦੇ ਨੈੱਟਵਰਕ ‘ਤੇ ਇੱਕ ਹੋਰ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਮੁੰਬਈ ਤੋਂ ਅੰਡਰਵਰਲਡ ਡੌਨ ਦਾਊਦ ਇਬਰਾਹੀਮ ਦੇ ਫਰਾਰ ਹੋਣ ਦੇ ਭਾਵੇਂ ਕਈ ਦਹਾਕੇ ਬੀਤ ਗਏ ਹੋਣ, ਪਰ ਉਸ ਦੇ ਗੈਰ-ਕਾਨੂੰਨੀ ਕਾਰੋਬਾਰ ਦੀਆਂ ਜੜ੍ਹਾਂ ਅੱਜ ਵੀ ਮੁੰਬਈ ਸਮੇਤ ਦੇਸ਼ ਦੇ ਕਈ ਹਿੱਸਿਆਂ ‘ਚ ਫੈਲੀਆਂ ਹੋਈਆਂ ਹਨ। ਤਸਕਰੀ, ਹਵਾਲਾ ਅਤੇ ਨਸ਼ੀਲੇ ਪਦਾਰਥਾਂ ਵਰਗੇ ਗੈਰ-ਕਾਨੂੰਨੀ ਧੰਧਿਆਂ ‘ਚ ਉਸ ਦੇ ਨੇੜਲੇ ਲੋਕਾਂ ਦੀ ਭੂਮਿਕਾ ਲਗਾਤਾਰ ਸਾਹਮਣੇ ਆਉਂਦੀ ਰਹੀ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਈਡੀ ਦੀ ਕਾਰਵਾਈ ਦੇ ਜ਼ਰੀਏ ਏਜੰਸੀ ਦਾਊਦ ਦੇ ਆਰਥਿਕ ਤੰਤਰ ‘ਤੇ ਵੀ ਸ਼ਿਕੰਜਾ ਕਸਣ ਦੀ ਦਿਸ਼ਾ ‘ਚ ਅੱਗੇ ਵੱਧ ਰਹੀ ਹੈ।










