ਡਾ. ਬਲਬੀਰ ਸਿੰਘ ਨੇ ਡਿਊਟੀ ‘ਚ ਲਾਪਰਵਾਹੀ ਵਰਤਣ ਵਾਲੇ ਡਾਕਟਰਾਂ ਨੂੰ ਦਿੱਤੀ ਸਖ਼ਤ ਚੇਤਾਵਨੀ

0
100

ਖੰਨਾ: ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਆਪਣੀ ਡਿਊਟੀ ਵਿੱਚ ਲਾਪਰਵਾਹੀ ਵਰਤਣ ਵਾਲੇ ਡਾਕਟਰਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ। ਖੰਨਾ ਸਰਕਾਰੀ ਹਸਪਤਾਲ ਵਿੱਚ ਨਵਜੰਮੀ ਬੱਚੀ ਦੀ ਮੌਤ ਦੇ ਮਾਮਲੇ ਵਿੱਚ ਗਾਇਨੀਕੋਲੋਜਿਸਟ ਡਾ. ਕਵਿਤਾ ਸ਼ਰਮਾ ਨੂੰ ਮੁਅੱਤਲ ਕਰਨ ਤੋਂ ਬਾਅਦ, ਡਾ. ਬਲਬੀਰ ਸਿੰਘ ਨੇ ਸੂਬੇ ਦੇ ਬਾਕੀ ਕਰਮਚਾਰੀਆਂ ਨੂੰ ਵੀ ਸਖ਼ਤ ਸੁਰ ਵਿੱਚ ਚੇਤਾਵਨੀ ਦਿੱਤੀ ਹੈ। ਉਨ੍ਹਾਂ ਸਪੱਸ਼ਟ ਤੌਰ ‘ਤੇ ਕਿਹਾ ਕਿ ਜੇਕਰ ਤੁਸੀਂ ਸਰਕਾਰੀ ਨੌਕਰੀ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਇਹ ਇਮਾਨਦਾਰੀ ਨਾਲ ਕਰਨੀ ਪਵੇਗੀ। ਉਨ੍ਹਾਂ ਸਰਕਾਰੀ ਡਾਕਟਰਾਂ ਨੂੰ ਕਿਹਾ ਕਿ ਜੇਕਰ ਉਹ ਪ੍ਰਾਈਵੇਟ ਪ੍ਰੈਕਟਿਸ ਕਰਨਾ ਚਾਹੁੰਦੇ ਹਨ, ਤਾਂ ੳਹ ਆਪਣੀ ਨੌਕਰੀ ਤੋਂ ਅਸਤੀਫ਼ਾ ਦੇ ਦੇਣ।

ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਸੋਚ ਅਨੁਸਾਰ, ਕਿਸੇ ਵੀ ਤਰ੍ਹਾਂ ਦਾ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਭਾਵੇਂ ਉਹ ਭ੍ਰਿਸ਼ਟਾਚਾਰ ਆਰਥਿਕ ਹੋਵੇ ਜਾਂ ਨੈਤਿਕ। ਉਨ੍ਹਾਂ ਡਾਕਟਰਾਂ ਨੂੰ ਲੋਕਾਂ ਪ੍ਰਤੀ ਸਮਰਪਣ ਅਤੇ ਹਮਦਰਦੀ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸਾਡੇ ਕੋਲ ਜ਼ਿਆਦਾਤਰ ਡਾਕਟਰ ਉਹ ਹਨ ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਕੋਵਿਡ ਦੌਰਾਨ ਲੋਕਾਂ ਦੀ ਸੇਵਾ ਕੀਤੀ। ਹਰ ਕੋਈ ਬਹੁਤ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰ ਰਿਹਾ ਹੈ। ਪਰ 1-2 ਪ੍ਰਤੀਸ਼ਤ ਡਾਕਟਰ ਅਜਿਹੇ ਵੀ ਹਨ ਜੋ ਆਪਣੀ ਡਿਊਟੀ ਵਿੱਚ ਗੰਭੀਰਤਾ ਨਾਲ ਲਾਪਰਵਾਹੀ ਵਰਤ ਰਹੇ ਹਨ, ਜਿਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਤੁਹਾਨੂੰ ਦੱਸ ਦੇਈਏ ਕਿ ਖੰਨਾ ਸਿਵਲ ਹਸਪਤਾਲ ਵਿੱਚ ਇਕ ਗਰਭਵਤੀ ਔਰਤ ਦਾ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਇਕ ਨਵਜੰਮੀ ਬੱਚੀ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਡਿਊਟੀ ‘ਤੇ ਹੋਣ ਦੇ ਬਾਵਜੂਦ, ਡਾ. ਕਵਿਤਾ ਕਿਸੇ ਨੂੰ ਦੱਸੇ ਬਿਨਾਂ ਹਸਪਤਾਲ ਤੋਂ ਚਲੀ ਗਈ। ਐਮਰਜੈਂਸੀ ਵਿੱਚ, ਐਸ.ਐਮ.ਓ. ਨੇ ਖੁਦ ਉਸਨੂੰ ਫੋਨ ਕਰਕੇ ਹਸਪਤਾਲ ਆਉਣ ਲਈ ਕਿਹਾ, ਪਰ ਉਹ ਨਹੀਂ ਆਈ। ਇਸ ਕਾਰਨ ਨਵਜੰਮੀ ਬੱਚੀ ਦੀ ਮੌਤ ਹੋ ਗਈ। ਐਸ.ਐਮ.ਓ. ਨੇ ਖੁਦ ਆਪ੍ਰੇਸ਼ਨ ਕਰਕੇ ਮਾਂ ਦੀ ਜਾਨ ਬਚਾਈ। ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਸਿਹਤ ਮੰਤਰੀ ਡਾ. ਬਲਬੀਰ ਸਿੰਘ ਸਿਵਲ ਹਸਪਤਾਲ ਖੰਨਾ ਪਹੁੰਚੇ ਅਤੇ ਡਾ. ਕਵਿਤਾ ਸ਼ਰਮਾ ਨੂੰ ਮੁਅੱਤਲ ਕਰ ਦਿੱਤਾ ਅਤੇ ਉਸਦਾ ਲਾਇਸੈਂਸ ਰੱਦ ਕਰਨ ਅਤੇ ਕੇਸ ਦਰਜ ਕਰਨ ਦੀ ਗੱਲ ਵੀ ਕਹੀ।

LEAVE A REPLY

Please enter your comment!
Please enter your name here