ਚੰਡੀਗੜ : ਚੰਡੀਗੜ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਜਿਸ ਵਿੱਚ ਪੰਜਾਬ ਅਤੇ ਹਰਿਆਣਾ ਦਾ ਡੈਪੂਟੇਸ਼ਨ ਕੋਟਾ ਖ਼ਤਮ ਕਰ ਦਿਤਾ ਗਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇਹ ਸਪੱਸ਼ਟ ਕੀਤਾ ਗਿਆ ਹੈ। ਮੁੱਖ ਸਕੱਤਰ ਰਾਜੀਵ ਵਰਮਾ ਦੀ ਪ੍ਰਧਾਨਗੀ ਹੇਠ ਬੀਤੇ ਦਿਨ ਹੋਈ ਮੀਟਿੰਗ ਤੋਂ ਬਾਅਦ, ਸਾਰੇ ਵਿਭਾਗਾਂ ਦੇ ਡਾਇਰੈਕਟਰਾਂ ਅਤੇ ਸਕੱਤਰਾਂ ਨੂੰ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਆਉਣ ਵਾਲੇ ਹਰੇਕ ਕਰਮਚਾਰੀ-ਅਧਿਕਾਰੀ ਨੂੰ ਕੇਂਦਰ ਦੇ ਨਿਯਮਾਂ ਅਨੁਸਾਰ ਹੁਣ ਡੈਪੂਟੇਸ਼ਨ ਦੀ ਸਹੂਲਤ ਨਹੀ ਦਿੱਤੀ ਜਾਵੇਗੀ।
ਚੰਡੀਗੜ੍ਹ ਸਿੱਖਿਆ ਵਿਭਾਗ ਵਿੱਚ 4515 ਵਿੱਚੋਂ 820 ਅਧਿਆਪਕਾਂ ਜਦਕਿ ਸਿਹਤ ਵਿਭਾਗ ਵਿੱਚ 164 ਅਸਾਮੀਆਂ ਵਿੱਚੋਂ 98 ਮੈਡੀਕਲ ਅਫ਼ਸਰ ਪੋਸਟਾਂ ਲਈ ਡੈਪੂਟੇਸ਼ਨ ਕੋਟਾ ਰਾਖਵਾਂ ਸੀ। ਇਨ੍ਹਾਂ ਪੋਸਟਾਂ ’ਤੇ ਹਮੇਸ਼ਾ ਪੰਜਾਬ ਅਤੇ ਹਰਿਆਣਾ ਦੇ ਅਧਿਕਾਰੀ ਅਤੇ ਕਰਮਚਾਰੀ ਡੈਪੂਟੇਸ਼ਨ ਕੋਟੇ ਦਾ ਹਵਾਲਾ ਦਿੰਦੇ ਹੋਏ ਆਉਂਦੇ ਸਨ। ਹੁਣ ਪੰਜਾਬ ਅਤੇ ਹਰਿਆਣਾ ਲਈ ਕੋਈ ਕੋਟਾ ਨਿਰਧਾਰਤ ਨਹੀਂ ਕੀਤਾ ਜਾਵੇਗਾ। ਨਿਯਮਾਂ ਅਨੁਸਾਰ ਪੰਜਾਬ ਅਤੇ ਹਰਿਆਣਾ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ 3 ਅਤੇ 5 ਸਾਲਾਂ ਬਾਅਦ ਵਾਪਸ ਜਾਣਾ ਪਵੇਗਾ।
ਡੈਪੂਟੇਸ਼ਨ ਕੋਟੇ ਅਧੀਨ ਨਿਯੁਕਤੀਆਂ ਕਾਰਨ ਸਿੱਖਿਆ ਵਿਭਾਗ ਅਤੇ ਸਿਹਤ ਵਿਭਾਗ ਵਿੱਚ ਨਾ ਤਾਂ ਭਰਤੀ ਅਤੇ ਨਾ ਹੀ ਤਰੱਕੀ ਸਮੇਂ ਸਿਰ ਹੋ ਪਾਉਂਦੀ ਸੀ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਨਾਲ, ਹੁਣ ਵਿਭਾਗਾਂ ਵਿੱਚ ਚੰਡੀਗੜ੍ਹ ਕੇਂਦਰ ਅਧੀਨ ਭਰਤੀ ਕੀਤੇ ਗਏ ਡਾਕਟਰ ਅਧਿਆਪਕਾਂ ਦੀ ਨਿਯਮਤ ਤਰੱਕੀ ਦਾ ਰਾਹ ਪੱਧਰਾ ਹੋ ਗਿਆ ਹੈ।







