ਭਜਨ ਕੀਰਤਨ ਕਰ ਰਹੇ 300 ਲੋਕਾਂ ‘ਤੇ ਚੜ੍ਹੀ ਕਾਰ , ਚਾਰ ਲੋਕ ਜ਼ਖ਼ਮੀ

0
104

ਜੈਪੁਰ : ਜੈਪੁਰ ਵਿੱਚ ਸਿੱਖ ਭਾਈਚਾਰੇ ਦੇ ਨਗਰ ਕੀਰਤਨ (The Nagar Kirtan) ਦੌਰਾਨ ਇੱਕ ਥਾਰ ਗੱਡੀ ਬੇਕਾਬੂ ਹੋ ਕੇ ਭੀੜ ਵਿੱਚ ਜਾ ਵੱਜੀ, ਜਿਸ ਕਾਰਨ ਚਾਰ ਲੋਕ ਜ਼ਖ਼ਮੀ ਹੋ ਗਏ। ਜ਼ਖਮੀਆਂ ਵਿਚ ਇਕ ਔਰਤ ਅਤੇ ਇਕ ਲੜਕੀ ਵੀ ਸ਼ਾਮਲ ਹੈ। ਘਟਨਾ ਤੋਂ ਬਾਅਦ ਗੁੱਸੇ ‘ਚ ਆਈ ਭੀੜ ਨੇ ਗੱਡੀ ‘ਤੇ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ।

ਮੁਲਜ਼ਮ ਡਰਾਈਵਰ ਨਾਬਾਲਿਗ , ਪੁਲਿਸ ਮੁਲਾਜ਼ਮ ਦਾ ਪੁੱਤਰ ਹੈ
ਪੁਲਿਸ ਨੇ ਦੋਸ਼ੀ ਡਰਾਈਵਰ ਜੋ ਕਿ ਨਾਬਾਲਗ ਦੱਸਿਆ ਜਾਂਦਾ ਹੈ ਅਤੇ ਪੁਲਿਸ ਮੁਲਾਜ਼ਮ ਦਾ ਲੜਕਾ ਹੈ, ਨੂੰ ਹਿਰਾਸਤ ਵਿਚ ਲੈ ਲਿਆ ਹੈ। ਕਾਰ ‘ਤੇ ਵਿਧਾਇਕ ਦਾ ਸਟਿੱਕਰ ਚਿਪਕਿਆ ਹੋਇਆ ਸੀ। ਪੁਲਿਸ ਰਿਕਾਰਡ ਤੋਂ ਪਤਾ ਚੱਲਿਆ ਹੈ ਕਿ ਇਸ ਵਾਹਨ ਦਾ ਪਹਿਲਾਂ ਵੀ ਚਾਰ ਵਾਰ ਓਵਰ ਸਪੀਡ ਕਰਨ ਲਈ ਚਲਾਨ ਕੀਤਾ ਜਾ ਚੁੱਕਾ ਹੈ।

ਕਦੋਂ ਵਾਪਰੀ ਇਹ ਘਟਨਾ ? 
ਇਹ ਹਾਦਸਾ ਬੀਤੀ ਰਾਤ ਕਰੀਬ ਸਾਢੇ 8 ਵਜੇ ਜੈਪੁਰ ਦੇ ਆਦਰਸ਼ ਨਗਰ ਥਾਣਾ ਖੇਤਰ ਦੇ ਰਾਜਪਾਰਕ ਇਲਾਕੇ ‘ਚ ਵਾਪਰਿਆ। ਪੰਚਵਟੀ ਸਰਕਲ ਨੇੜੇ ਸਿੱਖ ਕੌਮ ਦਾ ਨਗਰ ਕੀਰਤਨ ਚੱਲ ਰਿਹਾ ਸੀ। ਇਸ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਤੇਜ਼ ਰਫ਼ਤਾਰ ’ਤੇ ਆ ਰਹੇ ਥਾਰ ਵਾਹਨ ਨੂੰ ਰੁਕਣ ਦਾ ਇਸ਼ਾਰਾ ਕੀਤਾ, ਪਰ ਡਰਾਈਵਰ ਨੇ ਗੱਡੀ ਨਾ ਰੋਕੀ ਅਤੇ ਲੋਕਾਂ ਨੂੰ ਟੱਕਰ ਮਾਰਦੇ ਹੋਏ ਅੱਗੇ ਵਧਿਆ।

ਉਥੇ ਮੌਜੂਦ ਭੀੜ ਨੇ ਰੋਕ ਦਿੱਤੀ ਕਾਰ
ਗੁੱਸੇ ‘ਚ ਆਈ ਭੀੜ ਨੇ ਕਰੀਬ 100 ਮੀਟਰ ਅੱਗੇ ਗੱਡੀ ਨੂੰ ਰੋਕ ਲਿਆ। ਜਿਵੇਂ ਹੀ ਕਾਰ ਰੁਕੀ ਤਾਂ ਉਸ ਵਿੱਚੋਂ ਚਾਰ ਲੜਕੇ ਬਾਹਰ ਨਿਕਲੇ ਅਤੇ ਭੱਜਣ ਲੱਗੇ। ਲੋਕਾਂ ਨੇ ਡਰਾਈਵਰ ਨੂੰ ਤਾਂ ਫੜ ਲਿਆ ਪਰ ਬਾਕੀ ਤਿੰਨ ਨੌਜਵਾਨ ਭੱਜਣ ਵਿੱਚ ਕਾਮਯਾਬ ਹੋ ਗਏ।

ਹਾਜ਼ਰ ਭੀੜ ਨੇ ਕੀਤਾ ਵਿਰੋਧ
ਹਾਦਸੇ ਵਿੱਚ ਜ਼ਖਮੀ ਗੁਰਮੀਤ ਸਿੰਘ (45) ਨਗਰ-ਕੀਰਤਨ ਵਿੱਚ ਪੈਦਲ ਜਾ ਰਿਹਾ ਸੀ। ਉਨ੍ਹਾਂ ਤੋਂ ਇਲਾਵਾ ਇਕ ਔਰਤ ਅਤੇ ਇਕ ਬੱਚੇ ਸਮੇਤ ਤਿੰਨ ਹੋਰ ਲੋਕ ਵੀ ਜ਼ਖਮੀ ਹੋ ਗਏ। ਘਟਨਾ ਤੋਂ ਬਾਅਦ ਗੁੱਸੇ ‘ਚ ਆਈ ਭੀੜ ਨੇ ਕਾਰ ਦੀ ਭੰਨਤੋੜ ਕੀਤੀ। ਇਸ ਤੋਂ ਬਾਅਦ ਸਿੱਖ ਭਾਈਚਾਰੇ ਦੇ ਲੋਕਾਂ ਨੇ ਪੰਚਵਟੀ ਸਰਕਲ ‘ਤੇ ਜਾਮ ਲਗਾ ਦਿੱਤਾ ਅਤੇ ਆਦਰਸ਼ ਨਗਰ ਥਾਣੇ ਦਾ ਘਿਰਾਓ ਕੀਤਾ। ਪੁਲਿਸ ਨੇ ਨਾਬਾਲਗ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਕੇ ਐਫ.ਆਈ.ਆਰ. ਦਰਜ ਕਰਨ ਦਾ ਭਰੋਸਾ ਦਿੱਤਾ, ਜਿਸ ਮਗਰੋਂ ਮਾਮਲਾ ਸ਼ਾਂਤ ਹੋਇਆ।

ਸਜਾਏ ਗਏ ਨਗਰ ਕੀਰਤਨ ਵਿੱਚ 300 ਲੋਕ ਹੋਏ ਸ਼ਾਮਲ
ਪੁਲਿਸ ਮੁਤਾਬਕ ਬੀਤੀ ਰਾਤ ਨੂੰ ਸੇਠੀ ਕਲੋਨੀ ਗੁਰਦੁਆਰਾ ਤੋਂ ਗੁਰੂ ਗੋਬਿੰਦ ਸਿੰਘ ਪਾਰਕ ਤੱਕ ਨਗਰ ਕੀਰਤਨ ਸਜਾਇਆ ਗਿਆ, ਜਿਸ ‘ਚ ਕਰੀਬ 300 ਲੋਕਾਂ ਨੇ ਹਿੱਸਾ ਲਿਆ। ਆਦਰਸ਼ ਨਗਰ ਥਾਣਾ ਮੁਖੀ ਧਰਮ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਡਰਾਈਵਰ ਖ਼ਿਲਾਫ਼ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਅਤੇ ਹਾਦਸਾ ਵਾਪਰਨ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਗਿਆ ਹੈ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਮੁਲਜ਼ਮ ਦਾ ਪਿਤਾ ਪੁਲਿਸ ਲਾਈਨ ਵਿੱਚ ਤਾਇਨਾਤ ਹੈ।

LEAVE A REPLY

Please enter your comment!
Please enter your name here