ਬੱਸ ਦੀ ਲਪੇਟ ‘ਚ ਆਉਣ ਨਾਲ ਇੱਕ 4 ਸਾਲ ਦੀ ਬੱਚੀ ਦੀ ਹੋਈ ਮੌਤ

0
163

ਜਲੰਧਰ : ਜਲੰਧਰ ਦੇ ਆਦਮਪੁਰ ਤੋਂ ਅਲਾਵਲਪੁਰ ਵੱਲ ਜਾਂਦੇ ਹਾਈਵੇਅ ‘ਤੇ ਸਥਿਤ ਐੱਸਡੀ ਪਬਲਿਕ ਸਕੂਲ ਵਿੱਚ ਇੱਕ 4 ਸਾਲ ਦੀ ਬੱਚੀ ਦੀ ਬੱਸ ਦੀ ਲਪੇਟ ਵਿੱਚ ਆਉਣ ਨਾਲ ਮੌਤ ਹੋ ਗਈ। ਬੱਚੀ ਸਕੂਲ ਦੀ ਹੀ ਬੱਸ ਦੇ ਪਿਛਲੇ ਟਾਇਰ ਦੇ ਹੇਠਾਂ ਆ ਗਈ। ਮ੍ਰਿਤਕ ਬੱਚੀ ਦੀ ਪਛਾਣ ਕੀਰਤ ਪੁੱਤਰੀ ਇੰਦਰਜੀਤ ਸਿੰਘ ਵਜੋਂ ਹੋਈ ਹੈ, ਜਿਸਦੀ ਲਾਸ਼ ਪੁਲਿਸ ਨੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤੀ ਹੈ। ਇਹ ਘਟਨਾ ਅੱਜ ਸਵੇਰੇ ਵਾਪਰੀ। ਇਸ ਤੋਂ ਬਾਅਦ ਆਦਮਪੁਰ ਥਾਣੇ ਦੀ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚ ਗਈ। ਇਸ ਮਾਮਲੇ ਵਿੱਚ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਹਨ।

ਲੜਕੀ ਆਦਮਪੁਰ ਦੇ ਐਸਡੀ ਪਬਲਿਕ ਸਕੂਲ ਵਿੱਚ ਯੂਕੇਜੀ ਦੀ ਵਿਦਿਆਰਥਣ ਸੀ। ਜਾਣਕਾਰੀ ਅਨੁਸਾਰ ਪੁਲਿਸ ਨੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਬੱਸ ਨੂੰ ਜ਼ਬਤ ਕਰ ਲਿਆ ਹੈ। ਜਾਣਕਾਰੀ ਅਨੁਸਾਰ, ਕੀਰਤ ਹਰ ਰੋਜ਼ ਦੀ ਤਰ੍ਹਾਂ ਸਵੇਰੇ ਸਕੂਲ ਬੱਸ ਰਾਹੀਂ ਸਕੂਲ ਪਹੁੰਚੀ ਸੀ। ਜਦੋਂ ਬੱਸ ਸਕੂਲ ਦੇ ਗੇਟ ਕੋਲ ਰੁਕੀ ਤਾਂ ਲੜਕੀ ਨੂੰ ਬੱਸ ਤੋਂ ਉਤਾਰ ਦਿੱਤਾ ਗਿਆ। ਇਸ ਦੌਰਾਨ ਉਹ ਬੱਸ ਦੇ ਪਿਛਲੇ ਟਾਇਰ ਹੇਠ ਆ ਗਈ ਅਤੇ ਮੌਕੇ ‘ਤੇ ਹੀ ਉਸਦੀ ਮੌਤ ਹੋ ਗਈ। ਚਸ਼ਮਦੀਦਾਂ ਦੇ ਅਨੁਸਾਰ, ਲੜਕੀ ਦੇ ਹੇਠਾਂ ਉਤਰਨ ਤੋਂ ਬਾਅਦ ਡਰਾਈਵਰ ਨੇ ਗੱਡੀ ਅੱਗੇ ਵਧਾ ਦਿੱਤੀ ਅਤੇ ਲੜਕੀ ਨੂੰ ਦੇਖ ਨਹੀਂ ਸਕਿਆ।

ਘਟਨਾ ਦੀ ਸੂਚਨਾ ਮਿਲਦੇ ਹੀ ਆਦਮਪੁਰ ਥਾਣੇ ਦੀ ਪੁਲਿਸ ਟੀਮ ਤੁਰੰਤ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਘਟਨਾ ਤੋਂ ਬਾਅਦ ਬੱਸ ਡਰਾਈਵਰ ਮੌਕੇ ਤੋਂ ਭੱਜ ਗਿਆ, ਪੁਲਿਸ ਟੀਮਾਂ ਉਸਦੀ ਭਾਲ ਕਰ ਰਹੀਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਸਕੂਲ ਅਤੇ ਬੱਸ ਸਟਾਫ ਦੀ ਲਾਪਰਵਾਹੀ ਦੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਦੱਸ ਦੇਈਏ ਕਿ ਇਸ ਦੌਰਾਨ ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰਾਂ ਵੱਲੋਂ ਜਲੰਧਰ ਹੁਸ਼ਿਆਰਪੁਰ ਹਾਈਵੇਅ ਨੂੰ ਆਦਮਪੁਰ ਨੇੜੇ ਜਾਮ ਕਰ ਦਿੱਤਾ ਗਿਆ ਸੀ। ਜਿਸ ਕਾਰਨ ਆਸ ਪਾਸ ਅਤੇ ਹਾਈਵੇਅ ‘ਤੇ ਭਾਰੀ ਜਾਮ ਲੱਗ ਗਿਆ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਕਿਸੇ ਤਰ੍ਹਾਂ ਪਰਿਵਾਰਕ ਮੈਂਬਰਾਂ ਨੂੰ ਸਮਝਾਉਣਾ ਸ਼ੁਰੂ ਕਰ ਦਿੱਤਾ ਹੈ। ਪੁਲਿਸ ਅਨੁਸਾਰ ਉਕਤ ਮਾਮਲੇ ਵਿੱਚ ਸਕੂਲ ਦੇ ਅੰਦਰ ਲੱਗੇ ਸੀ.ਸੀ.ਟੀ.ਵੀ ਜਲਦੀ ਹੀ ਜ਼ਬਤ ਕਰ ਲਏ ਜਾਣਗੇ। ਡਰਾਈਵਰ ਦਾ ਮੈਡੀਕਲ ਕਰਵਾਇਆ ਜਾਵੇਗਾ, ਜੇਕਰ ਡਰਾਈਵਰ ਨਸ਼ੇ ਵਿੱਚ ਹੈ ਤਾਂ ਉਸ ‘ਤੇ ਕਾਰਵਾਈ ਕੀਤੀ ਜਾਵੇਗੀ। ਸਕੂਲ ਵਿੱਚ 300 ਤੋਂ ਵੱਧ ਬੱਚੇ ਪੜ੍ਹਦੇ ਹਨ।

LEAVE A REPLY

Please enter your comment!
Please enter your name here