ਸਰੀ (ਨਿਊਜ਼ ਡੈਸਕ )- ਸਰੀ ਪੁਲਿਸ ਵਲੋਂ ਸਰੀ ਅਤੇ ਐਬਟਸਫੋਰਡ ਵਿਚ ਜਬਰੀ ਵਸੂਲੀ ਲਈ ਗੋਲੀਬਾਰੀ ਅਤੇ ਅਗਜ਼ਨੀ ਦੀਆਂ ਘਟਨਾਵਾਂ ਵਿਚ ਸ਼ਾਮਿਲ ਇਕ ਪੰਜਾਬੀ ਨੌਜਵਾਨ ਨੂੰ ਚਾਰਜ ਕੀਤਾ ਗਿਆ ਹੈ। ਸਰੀ ਪੁਲਿਸ ਵਲੋਂ 22 ਸਾਲਾ ਗੁਰਸੇਵਕ ਸਿੰਘ ਨਾਮ ਦੇ ਨੌਜਵਾਨ ਉਪਰ ਦਸੰਬਰ 2025 ਵਿੱਚ ਸਰੀ ਅਤੇ ਐਬਟਸਫੋਰਡ ਵਿੱਚ ਫਿਰੌਤੀ ਨਾਲ ਸਬੰਧਤ ਗੋਲੀਬਾਰੀ ਕਰਨ ਅਤੇ ਅਗਜ਼ਨੀ ਦੀਆਂ ਵਾਰਦਾਤਾਂ ਲਈ ਦੋਸ਼ ਲਗਾਏ ਗਏ ਹਨ। ਪੁਲਿਸ ਮੁਤਾਬਿਕ ਪਹਿਲੀ ਘਟਨਾ 14 ਦਸੰਬਰ ਦੀ ਸਵੇਰ ਨੂੰ ਵਾਪਰੀ, ਜਦੋਂ ਸਰੀ ਪੁਲਿਸ ਨੇ 120 ਸਟਰੀਟ ਦੇ 8000-ਬਲਾਕ ਵਿੱਚ ਸਥਿਤ ਪਰਾਥਾ 2 ਪਾਸਤਾ ਦੇ ਬਾਹਰ ਗੋਲੀਬਾਰੀ ਦੀ ਕਾਲ ਦਾ ਜਵਾਬ ਦਿੱਤਾ। ਗੋਲੀਬਾਰੀ ਦੇ ਸਮੇਂ ਸਟਾਫ ਕਾਰੋਬਾਰ ਦੇ ਅੰਦਰ ਸੀ, ਪਰ ਕੋਈ ਜ਼ਖਮੀ ਹੋਣ ਦੀ ਰਿਪੋਰਟ ਨਹੀਂ ਸੀ। ਗੋਲੀਬਾਰੀ ਤੋਂ ਪਹਿਲਾਂ ਕਾਰੋਬਾਰੀ ਨੂੰ ਫਿਰੌਤੀ ਦੀਆਂ ਧਮਕੀਆਂ ਮਿਲੀਆਂ ਸਨ। ਦੂਜੀ ਘਟਨਾ ਅਗਲੇ ਦਿਨ (15 ਦਸੰਬਰ) ਸਵੇਰੇ 2:05 ਵਜੇ ਓਲਡ ਯੇਲ ਰੋਡ ਦੇ 12400-ਬਲਾਕ ਵਿੱਚ ਇੱਕ ਬਿਜ਼ਨਸ ਪਾਰਕ ਪਾਰਕਿੰਗ ਵਿੱਚ ਵਾਪਰੀ। ਪੁਲਿਸ ਦੇ ਅਨੁਸਾਰ, ਦੋ ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ ਸੀ, ਜਿਸ ਨਾਲ “ਮਹੱਤਵਪੂਰਨ ਨੁਕਸਾਨ” ਹੋਇਆ ਸੀ। ਗੋਲੀਬਾਰੀ ਤੋਂ ਪਹਿਲਾਂ ਕਾਰੋਬਾਰੀ ਨੂੰ ਫਿਰੌਤੀ ਦੀਆਂ ਧਮਕੀਆਂ ਵੀ ਮਿਲੀਆਂ ਸਨ।
ਆਖਰੀ ਘਟਨਾ ਦੋ ਦਿਨ ਬਾਅਦ, 17 ਦਸੰਬਰ ਨੂੰ ਐਬਟਸਫੋਰਡ ਵਿੱਚ ਵਾਪਰੀ, ਜਦੋਂ ਪੁਲਿਸ ਕਿੰਗ ਰੋਡ ਦੇ 3100-ਬਲਾਕ ਵਿੱਚ ਇੱਕ ਕਾਰੋਬਾਰ ‘ਤੇ ਗੋਲੀਬਾਰੀ ਉਪਰੰਤ ਪੁੱਜੀ।
ਪੁਲਿਸ ਅਧਿਕਾਰੀਆਂ ਨੇ ਜਲਦੀ ਹੀ ਸ਼ੱਕੀ ਅਤੇ ਉਸਦੀ ਗੱਡੀ ਦੀ ਪਛਾਣ ਕਰ ਲਈ, ਜੋ ਕਿ ਵਟਕਾਮ ਰੋਡ ਦੇ ਨੇੜੇ ਹਾਈਵੇਅ 1 ‘ਤੇ ਈਸਟ ਵੱਲ ਜਾ ਰਿਹਾ ਸੀ। ਉਸਨੂੰ ਐਬਟਸਫੋਰਡ ਪੁਲਿਸ ਗੈਂਗ ਕ੍ਰਾਈਮ ਯੂਨਿਟ ਨੇ ਬਿਨਾਂ ਕਿਸੇ ਵਿਰੋਧ ਦੇ ਗ੍ਰਿਫਤਾਰ ਕਰ ਲਿਆ। ਕਥਿਤ ਮੁਲਜ਼ਮ ਗੁਰਸੇਵਕ ਸਿੰਘ ‘ਤੇ ਸਰੀ ਵਿਚ ਗੋਲੀਬਾਰੀ ਦੇ ਸੰਬੰਧ ਵਿੱਚ ਜਬਰੀ ਵਸੂਲੀ ਸਮੇਤ ਨੌਂ ਅਪਰਾਧਾਂ ਅਤੇ ਐਬਟਸਫੋਰਡ ਗੋਲੀਬਾਰੀ ਲਈ ਛੇ ਅਪਰਾਧਿਕ ਦੋਸ਼ ਲਗਾਏ ਗਏ ਹਨ। ਗੁਰਸੇਵਕ ਸਿੰਘ ਇਸ ਸਮੇਂ ਪੁਲਿਸ ਹਿਰਾਸਤ ਵਿਚ ਤੇ ਉਸਦੀ ਅਦਾਲਤ ਵਿਚ ਪੇਸ਼ੀ 22 ਮਈ ਨੂੰ ਹੈ।
ਸਰੀ ਪੁਲਿਸ ਨੇ ਕਿਸੇ ਵੀ ਵਿਅਕਤੀ ਨੂੰ ਜੋ ਗੁਰਸੇਵਕ ਸਿੰਘ ਨੂੰ ਜਾਣਦਾ ਹੋਵੇ ਪੁਲਿਸ ਦੇ ਗੈਰ-ਐਮਰਜੈਂਸੀ ਨੰਬਰ 604-599-0502 ‘ਤੇ ਸੰਪਰਕ ਕਰਨ ਜਾਂ ਕ੍ਰਾਈਮ ਸਟੌਪਰਜ਼ ਨੂੰ 1-800-222-8477 ‘ਤੇ ਕਾਲ ਕਰਨ ਦੀ ਅਪੀਲ ਕੀਤੀ ਹੈ।







